ਪੰਜਾਬੀ ਗਾਇਕ ਮਨਕੀਰਤ ਔਲਖ (Mankirt Aulakh) ਸਿੱਧੂ ਮੂਸੇਵਾਲਾ (Sidhu Moose Wala) ਦੇ ਕਤਲ ‘ਚ ਨਾਮ ਆਉਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਖੂਬ ਸੁਰਖੀਆਂ ਵਿੱਚ ਰਹੇ। ਹਾਲਾਂਕਿ ਬੀਤੇ ਕੱਲ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਮੁਖੀ ਪ੍ਰਮੋਦ ਬਾਨ ਨੇ ਮਨਕੀਰਤ ਨੂੰ ਕਲੀਨ ਚਿੱਟ ਦਿੱਤੀ ਹੈ। ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਮਨਕੀਰਤ ਔਲਖ ਦਾ ਨਾਮ ਸਾਹਮਣੇ ਨਹੀਂ ਆਇਆ ਹੈ।
ਕਿੰਨੇ ਹੋਰ ਦਿਨਾਂ ਦਾ ਮਹਿਮਾਨ ਹਾਂ ਇਸ ਦੁਨੀਆ ’ਤੇ
ਕਲੀਨ ਚਿੱਟ ਮਿਲਣ ਮਗਰੋਂ ਮਨਕੀਰਤ ਦਾ ਪਹਿਲਾ ਬਿਆਨ ਸਾਹਮਣੇ ਆ ਗਿਆ ਹੈ। ਮਨਕੀਰਤ ਨੇ ਇਕ ਵੀਡੀਓ ਇੰਸਟਾਗ੍ਰਾਮ ’ਤੇ ਸਾਂਝੀ ਕਰਦਿਆਂ ਕੈਪਸ਼ਨ ’ਚ ਲਿਖਿਆ, ‘‘ਹੁਣ ਮੈਨੂੰ ਮੀਡੀਆ ਵਾਲੇ ਚੰਗਾ ਕਹਿਣ ਲੱਗ ਪਏ। ਕਿਰਪਾ ਕਰਕੇ ਬੇਨਤੀ ਹੈ ਕਿ ਕਿਸੇ ਨੂੰ ਕਿਸੇ ਵੀ ਗੱਲ ਦੀ ਤਹਿ ਤਕ ਜਾਏ ਬਿਨਾਂ ਐਵੇਂ ਹੀ ਸ਼ਾਮਲ ਨਾ ਕਰ ਦਿਆ ਕਰੋ ਕਿਉਂਕਿ ਤੁਹਾਡੇ ਲਈ ਉਹ ਇਕ ਖ਼ਬਰ ਹੁੰਦੀ ਹੈ ਤੇ ਅਗਲੇ ਦੀ ਸਾਰੀ ਉਮਰ ਦੀ ਕੀਤੀ ਕਮਾਈ ਖੂਹ ’ਚ ਪੈ ਜਾਂਦੀ ਹੈ।’’ਮਨਕੀਰਤ ਨੇ ਅੱਗੇ ਲਿਖਿਆ, ‘‘ਪਤਾ ਨਹੀਂ ਮੈਂ ਵੀ ਕਿੰਨੇ ਹੋਰ ਦਿਨਾਂ ਦਾ ਮਹਿਮਾਨ ਹਾਂ ਇਸ ਦੁਨੀਆ ’ਤੇ। ਜਿਵੇਂ ਗੈਂਗਸਟਰ ਧਮਕੀਆਂ ਦੇ ਰਹੇ ਨੇ ਮੈਨੂੰ ਪਿਛਲੇ 1 ਸਾਲ ਤੋਂ, ਇਕ ਦਿਨ ਆਏ ਹਾਂ ਤੇ ਇਕ ਦਿਨ ਸਾਰਿਆਂ ਨੇ ਜਾਣਾ ਇਸ ਸੰਸਾਰ ਤੋਂ। ਜਿਊਂਦੇ ਜੀਅ ਕਿਸੇ ’ਤੇ ਇੰਨੇ ਇਲਜ਼ਾਮ ਨਾ ਲਗਾਓ ਕਿ ਉਸ ਦੇ ਜਾਣ ਮਗਰੋਂ ਸਫਾਈਆਂ ਦੇਣੀਆਂ ਔਖੀਆਂ ਹੋਣ।’’