ਖਬਰਿਸਤਾਨ ਨੈੱਟਵਰਕ- ਫਿਲੀਪੀਨਜ਼ ਦੇ ਸੇਬੂ ਪ੍ਰਾਂਤ ਵਿੱਚ ਮੰਗਲਵਾਰ ਰਾਤ ਨੂੰ 6.9 ਤੀਬਰਤਾ ਦਾ ਭੂਚਾਲ ਆਇਆ, ਜਿਸ ਕਾਰਨ ਵੱਡੀ ਤਬਾਹੀ ਹੋਈ ਹੈ। ਮੀਡੀਆ ਰਿਪੋਰਟ ਮੁਤਾਬਕ ਜ਼ੋਰਦਾਰ ਝਟਕਿਆਂ ਨਾਲ ਹੁਣ ਤੱਕ 60 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਦਰਜਨਾਂ ਲੋਕ ਜ਼ਖ਼ਮੀ ਹਨ। ਮ੍ਰਿਤਕਾਂ ਦੀ ਗਿਣਤੀ ਹੋਰ ਵੱਧਣ ਦੀ ਸੰਭਾਵਨਾ ਹੈ।
ਭੂਚਾਲ ਦਾ ਕੇਂਦਰ ਬੋਗੋ ਸ਼ਹਿਰ ਰਿਹਾ। ਇੱਥੇ 13 ਲੋਕਾਂ ਦੀ ਮੌਤ ਹੋ ਗਈ, ਜਦਕਿ ਉੱਤਰੀ ਸੇਬੂ ਦੇ ਸੈਨ ਰੇਮੀਗਿਓ ਸ਼ਹਿਰ ਵਿੱਚ ਚਾਰ ਹੋਰ ਲੋਕਾਂ ਨੇ ਜਾਨ ਗੁਆਈ।
ਦੋ ਪੁੱਲਾਂ ਨੂੰ ਨੁਕਸਾਨ
ਜ਼ੋਰਦਾਰ ਭੂਚਾਲ ਨਾਲ ਦੋ ਪੁੱਲਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਸਨਸਟਾਰ ਸੇਬੂ ਦੇ ਮੁਤਾਬਕ, ਜ਼ਖ਼ਮੀ ਲੋਕਾਂ ਦਾ ਇਲਾਜ ਸੇਬੂ ਪ੍ਰਾਂਤ ਦੇ ਹਸਪਤਾਲ ਵਿੱਚ ਚੱਲ ਰਿਹਾ ਹੈ। ਵੱਡੀ ਗਿਣਤੀ ਵਿੱਚ ਮਰੀਜ਼ ਪਹੁੰਚਣ ਕਾਰਨ ਮੈਡੀਕਲ ਸਟਾਫ ’ਤੇ ਦਬਾਅ ਵਧ ਗਿਆ ਹੈ।
ਭੂਚਾਲ ਦੀ ਗਹਿਰਾਈ ਤੇ ਵੇਰਵਾ
ਫਿਲੀਪਾਈਨ ਜੁਆਲਾਮੁਖੀ ਅਤੇ ਭੂਚਾਲ ਵਿਗਿਆਨ ਸੰਸਥਾਨ ਨੇ ਸ਼ੁਰੂ ’ਚ ਇਸ ਦੀ ਤੀਬਰਤਾ 6.7 ਦੱਸੀ ਸੀ, ਪਰ ਬਾਅਦ ਵਿੱਚ ਸੋਧ ਕਰਕੇ ਇਸਨੂੰ 6.9 ਤੀਬਰਤਾ ਦਰਸਾਇਆ। ਭੂਚਾਲ ਬੋਗੋ ਸ਼ਹਿਰ ਤੋਂ ਲਗਭਗ 19 ਕਿਮੀ ਉੱਤਰ-ਪੂਰਬ ਵਿੱਚ, 5 ਕਿਮੀ ਦੀ ਗਹਿਰਾਈ ’ਤੇ ਆਇਆ। ਇਸ ਕਾਰਨ ਕਈ ਸ਼ਹਿਰਾਂ ਦੀ ਬਿਜਲੀ ਸਪਲਾਈ ਵੀ ਠੱਪ ਹੋ ਗਈ।
ਭੂਚਾਲ ਕਿਉਂ ਆਉਂਦਾ ਹੈ?
ਧਰਤੀ ਦੇ ਅੰਦਰ 7 ਪਲੇਟਾਂ ਹਨ, ਜੋ ਲਗਾਤਾਰ ਹਿਲਦੀਆਂ ਰਹਿੰਦੀਆਂ ਹਨ। ਜਿੱਥੇ ਇਹਨਾਂ ਦਾ ਆਪਸ ਵਿੱਚ ਟਕਰਾਅ ਹੁੰਦਾ ਹੈ, ਉਹ ਫਾਲਟ ਲਾਈਨ ਅਖਵਾਉਂਦੀ ਹੈ। ਵਾਰ-ਵਾਰ ਟਕਰਾਉਣ ਨਾਲ ਦਬਾਅ ਬਣਦਾ ਹੈ ਅਤੇ ਜਦੋਂ ਪਲੇਟਾਂ ਟੁੱਟਦੀਆਂ ਹਨ ਤਾਂ ਉਰਜਾ ਬਾਹਰ ਨਿਕਲਦੀ ਹੈ ਤੇ ਭੂਚਾਲ ਆਉਂਦਾ ਹੈ।
ਕਿਹੜੀ ਤੀਬਰਤਾ ਦਾ ਭੂਚਾਲ ਕਿੰਨਾ ਖ਼ਤਰਨਾਕ?
0 ਤੋਂ 1.9 ਤੀਬਰਤਾ – ਬਹੁਤ ਕਮਜ਼ੋਰ, ਸਿਰਫ਼ ਸੀਜ਼ਮੋਗ੍ਰਾਫ ਨਾਲ ਪਤਾ ਲੱਗਦਾ।
2 ਤੋਂ 2.9 ਤੀਬਰਤਾ – ਹਲਕਾ ਕੰਪਨ ਮਹਿਸੂਸ ਹੁੰਦਾ।
3 ਤੋਂ 3.9 ਤੀਬਰਤਾ – ਐਸਾ ਲੱਗਦਾ ਜਿਵੇਂ ਟਰੱਕ ਕੋਲੋਂ ਲੰਘਿਆ ਹੋਵੇ।
4 ਤੋਂ 4.9 ਤੀਵ੍ਰਤਾ – ਖਿੜਕੀਆਂ ਟੁੱਟ ਸਕਦੀਆਂ, ਕੰਧਾਂ ਦੇ ਫਰੇਮ ਡਿਗ ਸਕਦੇ।
5 ਤੋਂ 5.9 ਤੀਵ੍ਰਤਾ – ਫਰਨੀਚਰ ਹਿਲ ਸਕਦਾ ਹੈ।
6 ਤੋਂ 6.9 ਤੀਬਰਤਾ – ਇਮਾਰਤਾਂ ਦੀ ਨੀਂਹ ਖਿਸਕ ਸਕਦੀ ਹੈ।
7 ਤੋਂ 7.9 ਤੀਬਰਤਾ – ਬਹੁਤ ਖ਼ਤਰਨਾਕ, ਇਮਾਰਤਾਂ ਡਿੱਗਦੀਆਂ ਹਨ, ਜ਼ਮੀਨ ਦੇ ਪਾਈਪ ਫਟ ਜਾਂਦੇ ਹਨ।
8 ਤੋਂ 8.9 ਤੀਬਰਤਾ – ਭਾਰੀ ਤਬਾਹੀ, ਜਪਾਨ-ਚੀਨ ਵਿੱਚ ਇਸ ਤਰ੍ਹਾਂ ਦੇ ਭੂਚਾਲ ਨਾਲ ਵੱਡੀ ਤਬਾਹੀ ਹੋਈ ਸੀ।
9 ਜਾਂ ਵੱਧ ਤੀਬਰਤਾ – ਪੂਰੀ ਤਰ੍ਹਾਂ ਤਬਾਹੀ, ਇਮਾਰਤਾਂ ਡਿੱਗ ਜਾਂਦੀਆਂ, ਪੇੜ-ਪੌਦੇ ਉਖੜ ਜਾਂਦੇ ਅਤੇ ਸਮੁੰਦਰ ਨੇੜੇ ਸੁਨਾਮੀ ਆ ਸਕਦੀ ਹੈ।