ਪੱਛਮੀ ਹਿਮਾਲਿਆ 'ਚ ਸਰਗਰਮ ਵੈਸਟਰਨ ਡਿਸਟਰਬੈਂਸ ਦਾ ਅਸਰ ਇਕ ਵਾਰ ਫਿਰ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ 'ਚ ਦੇਖਣ ਨੂੰ ਮਿਲ ਰਿਹਾ ਹੈ। ਜਿਸ ਕਾਰਨ ਸੋਮਵਾਰ ਯਾਨੀ ਅੱਜ ਤੋਂ ਚਾਰ ਦਿਨਾਂ ਤੱਕ ਪੰਜਾਬ ਦੇ ਕਈ ਹਿੱਸਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਹਨੇਰੀ, ਤੇ ਤੂਫ਼ਾਨ ਦੀ ਸੰਭਾਵਨਾ ਜਤਾਈ ਹੈ। ਖਾਸ ਤੌਰ 'ਤੇ 11 ਮਾਰਚ ਯਾਨੀ ਸੋਮਵਾਰ ਅਤੇ 13 ਮਾਰਚ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਨ੍ਹਾਂ ਦੋ ਦਿਨਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਵੀ ਚੱਲਣਗੀਆਂ।
ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਦੇ ਡਾਇਰੈਕਟਰ ਏ.ਕੇ.ਸਿੰਘ ਅਨੁਸਾਰ ਪੰਜਾਬ ਵਿੱਚ ਸਰਗਰਮ ਹੋਣ ਜਾ ਰਹੀ ਨਵੀਂ ਵੈਸਟਰਨ ਡਿਸਟਰਬੈਂਸ ਦੇ ਪ੍ਰਭਾਵ ਕਾਰਨ ਮੌਸਮ ਵਿੱਚ ਤਬਦੀਲੀ ਆਉਣ ਵਾਲੀ ਹੈ। ਮੀਂਹ ਕਾਰਨ ਦਿਨ ਦਾ ਤਾਪਮਾਨ 3 ਤੋਂ 4 ਡਿਗਰੀ ਤੱਕ ਘੱਟ ਜਾਵੇਗਾ। ਇਸ ਦੇ ਨਾਲ ਹੀ ਘੱਟੋ-ਘੱਟ ਤਾਪਮਾਨ 'ਚ ਵੀ ਘੱਟ ਗਿਰਾਵਟ ਦਰਜ ਕੀਤੀ ਜਾਵੇਗੀ।
ਫ਼ਿਰੋਜ਼ਪੁਰ ਸਭ ਤੋਂ ਠੰਡਾ ਰਿਹਾ
ਸ਼ਨੀਵਾਰ ਨੂੰ ਫ਼ਿਰੋਜ਼ਪੁਰ ਸੱਤ ਡਿਗਰੀ ਤਾਪਮਾਨ ਨਾਲ ਸਭ ਤੋਂ ਠੰਡਾ ਰਿਹਾ। ਉਧਰ, ਪੰਜਾਬ ਵਿੱਚ ਘੱਟੋ-ਘੱਟ ਤਾਪਮਾਨ ਵਿੱਚ 0.4 ਡਿਗਰੀ ਦੇ ਮਾਮੂਲੀ ਵਾਧੇ ਦੇ ਬਾਵਜੂਦ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਅਤੇ ਬਠਿੰਡਾ ਵਿੱਚ ਘੱਟੋ-ਘੱਟ ਤਾਪਮਾਨ ਆਮ ਨਾਲੋਂ ਹੇਠਾਂ ਰਿਹਾ। ਲੁਧਿਆਣਾ ਦਾ ਘੱਟੋ-ਘੱਟ ਤਾਪਮਾਨ 11.2 ਡਿਗਰੀ, ਅੰਮ੍ਰਿਤਸਰ ਦਾ 9.0 ਡਿਗਰੀ, ਪਟਿਆਲਾ ਦਾ 11.6 ਡਿਗਰੀ, ਬਠਿੰਡਾ ਦਾ 8.4 ਡਿਗਰੀ, ਪਠਾਨਕੋਟ ਦਾ 9.2 ਡਿਗਰੀ ਅਤੇ ਜਲੰਧਰ ਦਾ ਤਾਪਮਾਨ 8.9 ਡਿਗਰੀ ਰਿਹਾ।
ਹਰਿਆਣਾ 'ਚ ਮੁੜ ਬਦਲੇਗਾ ਮੌਸਮ
ਮਾਰਚ ਦੇ ਪਹਿਲੇ ਹਫ਼ਤੇ ਹਰਿਆਣਾ ਵਿੱਚ ਬੇਮੌਸਮੀ ਬਰਸਾਤ ਅਤੇ ਗੜੇਮਾਰੀ ਤੋਂ ਬਾਅਦ ਮੌਸਮ ਇੱਕ ਵਾਰ ਫਿਰ ਕਰਵਟ ਲੈ ਲਵੇਗਾ। ਮੌਸਮ ਵਿਭਾਗ ਨੇ ਅਗਲੇ ਹਫ਼ਤੇ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਹਰਿਆਣਾ ਵਿੱਚ 13 ਮਾਰਚ ਨੂੰ ਬਿਜਲੀ ਚਮਕੇਗੀ ਅਤੇ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ। ਇਸ ਕਾਰਨ ਮੌਸਮ ਵਿਭਾਗ ਨੇ ਸਾਵਧਾਨ ਰਹਿਣ ਦੀ ਐਡਵਾਈਜ਼ਰੀ ਜਾਰੀ ਕੀਤੀ ਹੈ। ਅਜਿਹੇ 'ਚ ਲੋਕਾਂ ਨੂੰ ਲੋੜ ਪੈਣ 'ਤੇ ਹੀ ਘਰਾਂ ਤੋਂ ਬਾਹਰ ਆਉਣ ਦੀ ਹਦਾਇਤ ਕੀਤੀ ਗਈ ਹੈ।
ਕਸ਼ਮੀਰ, ਲੱਦਾਖ 'ਚ ਮੀਂਹ ਤੇ ਬਰਫਬਾਰੀ ਹੋਵੇਗੀ
ਮੌਸਮ ਵਿਭਾਗ ਮੁਤਾਬਕ 12 ਅਤੇ 13 ਮਾਰਚ ਨੂੰ ਕਸ਼ਮੀਰ, ਲੱਦਾਖ, ਗਿਲਗਿਤ ਬਾਲਟਿਸਤਾਨ, ਮੁਜ਼ੱਫਰਾਬਾਦ ਅਤੇ ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਅਤੇ ਬਰਫ਼ਬਾਰੀ ਹੋ ਸਕਦੀ ਹੈ। ਇਸ ਤੋਂ ਬਾਅਦ 13 ਮਾਰਚ ਨੂੰ ਇਸ ਵਿੱਚ ਹੋਰ ਵਾਧਾ ਹੋਵੇਗਾ। ਫਿਰ 14 ਮਾਰਚ ਨੂੰ ਇਸ ਦੀ ਤੀਬਰਤਾ ਥੋੜ੍ਹੀ ਘੱਟ ਜਾਵੇਗੀ।
13 ਮਾਰਚ ਨੂੰ ਪੱਛਮੀ ਹਿਮਾਲਿਆ ਵਿੱਚ ਗਰਜ ਅਤੇ ਬਿਜਲੀ ਚਮਕਣ ਦੀ ਸੰਭਾਵਨਾ ਹੈ। ਜਦੋਂ ਕਿ ਉੱਤਰਾਖੰਡ ਵਿੱਚ ਅੱਜ ਅਤੇ ਕੱਲ੍ਹ ਹਲਕੀ ਬਾਰਿਸ਼ ਅਤੇ ਬਰਫ਼ਬਾਰੀ ਦੀ ਸੰਭਾਵਨਾ ਹੈ। 13 ਅਤੇ 14 ਮਾਰਚ ਨੂੰ ਇਸ ਦੇ ਵਧਣ ਦੀ ਸੰਭਾਵਨਾ ਹੈ।