ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਦੇ 18 ਸੀਨੀਅਰ ਆਈ.ਪੀ.ਐਸ. ਅਧਿਕਾਰੀਆਂ ਨੁੰ ਪ੍ਰਮੋਸ਼ਨ ਦਿੱਤੀ ਹੈ | ਇਨ੍ਹਾਂ ਵਿੱਚ 1999 ਬੈਚ ਦੇ ਸੀਨੀਅਰ ਆਈਪੀਐਸ ਅਧਿਕਾਰੀ ਰਾਕੇਸ਼ ਅਗਰਵਾਰ ਨੂੰ ADGP ਅਤੇ 2006 ਬੈਚ ਦੀ ਸੀਨੀਅਰ ਆਈਪੀਐਸ ਧਨਪ੍ਰੀਤ ਕੌਰ ਨੂੰ IGP ਰੈਂਕ ਵਿੱਚ ਪ੍ਰਮੋਟ ਕੀਤਾ ਗਿਆ ਹੈ।
ਜਦਕਿ ਰਾਜਪਾਲ ਸਿੰਘ, ਸਤਿੰਦਰ ਸਿੰਘ ਅਤੇ ਹਰਮਨਬੀਰ ਸਿੰਘ ਸਮੇਤ 2008 ਅਤੇ 2010 ਬੈਚ ਦੇ 10 ਆਈਪੀਐਸ ਅਧਿਕਾਰੀਆਂ ਨੂੰ ਤਰੱਕੀ ਦੇ ਕੇ ਡੀਆਈਜੀ ਬਣਾਇਆ ਗਿਆ ਹੈ। ਇਨ੍ਹਾਂ ਤੋਂ ਇਲਾਵਾ 6 ਸੀਨੀਅਰ ਅਧਿਕਾਰੀਆਂ ਨੂੰ ਸਿਲੈਕਸ਼ਨ ਗ੍ਰੇਡ ਦੇ ਕੇ ਤਰੱਕੀ ਦਿੱਤੀ ਗਈ ਹੈ।
ਸਰਕਾਰ ਦੇ ਅਨੁਸਾਰ, ਤਰੱਕੀਆਂ ਸੀਨੀਆਰਤਾ ਸੂਚੀ ਅਨੁਸਾਰ ਕੀਤੀਆਂ ਗਈਆਂ ਹਨ ਅਤੇ ਇਹ ਤਰੱਕੀਆਂ ਮਾਣਯੋਗ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਦਾਇਰ ਵੱਖ-ਵੱਖ ਲੰਬਿਤ ਰਿੱਟ ਪਟੀਸ਼ਨਾਂ/ ਅਦਾਲਤੀ ਹੁਕਮਾਂ/ ਪਾਲਣਾ ਰਿਪੋਰਟਾਂ ਦੇ ਅਧੀਨ ਹਨ।
ਇਨ੍ਹਾਂ 10 ਨੂੰ ਮਿਲੇ ਡੀ.ਆਈ.ਜੀ ਰੈਂਕ
ਬੈਚ 2008 ਦੇ ਆਈਪੀਐਸ ਅਧਿਕਾਰੀ ਰਾਜਪਾਲ ਸਿੰਘ ਅਤੇ 2010 ਬੈਚ ਦੇ ਅਧਿਕਾਰੀ ਹਰਜੀਤ ਸਿੰਘ, ਜੇ. ਐਲਨਚੇਜੀਅਨ, ਅਲਕਾ ਮੀਨਾ, ਸਤਿੰਦਰ ਸਿੰਘ, ਹਰਮਨਬੀਰ ਸਿੰਘ, ਅਸ਼ਵਨੀ ਕਪੂਰ, ਸੁਖਵੰਤ ਸਿੰਘ ਗਿੱਲ, ਧਰੁਮਨ ਹਰਸ਼ਦਰੇ ਨਿੰਬਲੇ ਅਤੇ ਪਾਟਿਲ ਕੇਤਨ ਬਲੀਰਾਮ ਨੂੰ ਡੀਆਈਜੀ ਦੇ ਅਹੁਦੇ 'ਤੇ ਤਰੱਕੀ ਦਿੱਤੀ ਗਈ ਹੈ।
6 ਨੂੰ ਮਿਲੇ ਸਿਲੈਕਸ਼ਨ ਗ੍ਰੇਡ
2011 ਬੈਚ ਦੇ ਅਧਿਕਾਰੀ ਵਿਵੇਕ ਸ਼ੀਲ ਸੋਨੀ, ਡਾ: ਨਾਨਕ ਸਿੰਘ, ਗੌਰਵ ਗਰਗ, ਦੀਪਕ ਹਿਲੋਰੀ, ਗੁਰਮੀਤ ਸਿੰਘ ਚੌਹਾਨ ਅਤੇ ਨਵੀਨ ਸੈਣੀ ਨੂੰ ਸਿਲੈਕਸ਼ਨ ਗ੍ਰੇਡ-13 ਤਹਿਤ ਤਰੱਕੀ ਦਿੱਤੀ ਗਈ ਹੈ।
ਇਨ੍ਹਾਂ ਨੂੰ ਨਹੀ ਮਿਲੇਗਾ ਵਿੱਤੀ ਲਾਭ
ਜਿਹੜੇ ਸੀਨੀਅਰ ਆਈਪੀਐਸ ਅਧਿਕਾਰੀਆਂ ਨੂੰ ਵੱਖ-ਵੱਖ ਅਹੁਦਿਆਂ ’ਤੇ ਤਰੱਕੀ ਦਿੱਤੀ ਗਈ ਹੈ, ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਵਿੱਤੀ ਲਾਭ ਨਹੀਂ ਮਿਲੇਗਾ, ਜਿਹੜੇ ਅਧਿਕਾਰੀ ਇਸ ਵੇਲੇ ਕੇਂਦਰ ਸਰਕਾਰ ਵਿੱਚ ਡੈਪੂਟੇਸ਼ਨ ’ਤੇ ਹਨ। ਉਹ ਪੰਜਾਬ ਵਿੱਚ ਸੇਵਾ ਕਰਦੇ ਹੋਏ ਹੀ ਸੂਬੇ ਦੇ ਵਿੱਤੀ ਲਾਭ ਲੈ ਸਕਣਗੇ। ਸਾਲ 2010 ਵਿੱਚ ਡੀਆਈਜੀ ਬਣਾਏ ਗਏ ਦੋ ਸੀਨੀਅਰ ਆਈਪੀਐਸ ਅਫ਼ਸਰ ਧਰੁਮਨ ਹਰਸ਼ਧਾਰੇ ਨਿੰਬਲੇ ਅਤੇ ਪਾਟਿਲ ਕੇਤਨ ਬਲੀਰਾਮ ਤੋਂ ਇਲਾਵਾ ਸੀਨੀਅਰ ਆਈਪੀਐਸ ਗੌਰਵ ਗਰਗ ਅਤੇ ਦੀਪਕ ਹਿਲੋਰੀ ਜਿਨ੍ਹਾਂ ਨੂੰ ਸਿਲੈਕਸ਼ਨ ਗ੍ਰੇਡ ਵਿੱਚ ਤਰੱਕੀ ਦਿੱਤੀ ਗਈ ਸੀ, ਇਨ੍ਹਾਂ ਦਿਨਾਂ ਵਿੱਚ ਕੇਂਦਰੀ ਡੈਪੂਟੇਸ਼ਨ ’ਤੇ ਹਨ।
ਇਨ੍ਹਾਂ ਨੂੰ ਵੀ ਕਰਨੀਆਂ ਪੈਣਗੀਆਂ ਸ਼ਰਤਾਂ ਪੂਰੀਆਂ
ਪੰਜਾਬ ਸਰਕਾਰ ਨੇ ਵੀ ਕੁਝ ਅਫਸਰਾਂ ਲਈ ਤਰੱਕੀ ਲਈ ਵੱਖ-ਵੱਖ ਸ਼ਰਤਾਂ ਰੱਖੀਆਂ ਹਨ। ਇਹ ਸ਼ਰਤਾਂ ਪੂਰੀਆਂ ਕਰਨ ਤੋਂ ਬਾਅਦ ਹੀ ਉਹ ਤਰੱਕੀ ਦਾ ਲਾਭ ਪ੍ਰਾਪਤ ਕਰ ਸਕਣਗੇ। ਕੁਝ ਅਧਿਕਾਰੀ ਇੰਡਕਸ਼ਨ ਟਰੇਨਿੰਗ ਕੋਰਸ ਅਤੇ ਮਿਡ ਕਰੀਅਰ ਟਰੇਨਿੰਗ ਪ੍ਰੋਗਰਾਮ ਫੇਜ਼-3 ਨੂੰ ਪੂਰਾ ਕਰਨ ਤੋਂ ਬਾਅਦ ਵਿੱਤੀ ਲਾਭਾਂ ਲਈ ਯੋਗ ਹੋਣਗੇ। ਸਰਕਾਰ ਨੇ ਇਨ੍ਹਾਂ ਅਧਿਕਾਰੀਆਂ ਨੂੰ ਸੀਨੀਆਰਤਾ ਸੂਚੀ ਅਨੁਸਾਰ ਤਰੱਕੀ ਦਿੱਤੀ ਹੈ।