ਜਲੰਧਰ ਦੂਰਦਰਸ਼ਨ ਦੇ ਪ੍ਰਸਿੱਧ ਕਲਾਕਾਰ, ਨਿਰਮਾਤਾ-ਨਿਰਦੇਸ਼ਕ ਸੁਪਨਦੀਪ ਸਿੱਧੂ ਦੀ ਯਾਦ ਵਿੱਚ ਪੰਜਵਾਂ ਨਾਟ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਆਜ਼ਾਦ ਰੰਗਮੰਚ ਕਲਾ ਭਵਨ ਫਗਵਾੜਾ ਦੇ ਵਿਹੜੇ ਵਿੱਚ ਕਰਵਾਇਆ ਗਿਆ, ਜਿਸ ਵਿੱਚ ਪੰਜਾਬੀ ਸਾਹਿਤ ਦੀਆਂ ਵੱਡੀਆਂ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਪੰਜਾਬੀ ਰੰਗਮੰਚ ਦੇ ਕੋਹਿਨੂਰ ਕੇਵਲ ਧਾਲੀਵਾਲ ਨੇ ਰੀਬਨ ਕੱਟ ਕੇ ਕੀਤੀ।
ਇਸ ਤੋਂ ਬਾਅਦ ਕੈਨੇਡਾ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਸੁਪਨਦੀਪ ਦੇ ਮਾਤਾ-ਪਿਤਾ ਦਵਿੰਦਰ ਕੌਰ ਅਤੇ ਗੁਰਮੁੱਖ ਸਿੰਘ ਨੇ ਦੀਪ ਜਗਾਇਆ | ਪੰਜਾਬੀ ਰੰਗਮੰਚ ਦੇ ਖੇਤਰ ਵਿੱਚ ਪਾਏ ਵੱਡਮੁੱਲੇ ਯੋਗਦਾਨ ਲਈ ‘ਪੰਜਾਬੀ ਨਾਟ ਦੀ ਇਨਕਲਾਬੀ ਲਾਟ’ ਵਜੋਂ ਜਾਣੇ ਜਾਂਦੇ ਅਨੀਤ ਸ਼ਬਦੀਸ਼ ਨੂੰ ਸੁਪਨਦੀਪ ਸਿੱਧੂ ਯਾਦਗਾਰੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ।
ਇਸ ਮੌਕੇ ਚੇਅਰਮੈਨ ਸੰਤੋਖ ਸਿੰਘ ਢੇਸੀ ਅਤੇ ਟੀਮ ਇੰਚਾਰਜ ਬੀਬਾ ਕੁਲਵੰਤ ਦੀ ਅਗਵਾਈ ਹੇਠ ਅਤੇ ਡਾਇਰੈਕਟਰ ਰਣਜੀਤ ਬਾਂਸਲ ਦੇ ਨਿਰਦੇਸ਼ਨ ਹੇਠ ਡਾ. ਦਵਿੰਦਰ ਦਾ ਲਿਖਿਆ ਇਨਕਲਾਬੀ ਨਾਟਕ 'ਮਸ਼ਾਲ ਦਾ ਕਾਫਲਾ' ਖੇਡਿਆ ਗਿਆ, ਜਿਸ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ।
ਨਾਟਕ ਵਿੱਚ ਅਦਾਕਾਰੀ ਕਰਨ ਵਾਲੇ ਕਲਾਕਾਰਾਂ ਵਿੱਚ ਅਜੇ ਬਾਂਸਲ, ਬਬੀਤਾ ਧੂਲੇਤਾ, ਡਾ: ਇੰਦਰਜੀਤ ਪਾਲ, ਕੁਲਵਿੰਦਰ ਕੌਰ, ਕਮਲ ਆਰ, ਨਬੀਤਾ ਚੰਬਾ, ਸੁਨੀਤਾ ਸੰਧੂ, ਐਸਪੀ ਸਿੰਘ, ਸਵਿਤਾ, ਮੇਜਰ ਕਪੂਰਥਲਾ, ਜਸਲੀਨ ਅਤੇ ਦੀਪਕ ਸ਼ਾਮਲ ਸਨ। ਸੰਗੀਤ ਅਤੇ ਲਾਈਟਾਂ ਦੀ ਜ਼ਿੰਮੇਵਾਰੀ ਅੰਗਮਦੀਪ ਸਿੰਘ ਅਤੇ ਪਰਮਿੰਦਰ ਮੰਢਾਲੀ ਨੇ ਨਿਭਾਈ।