ਖਬਰਿਸਤਾਨ ਨੈੱਟਵਰਕ– ਜਲੰਧਰ ਦੇ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਵਧੀਕ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੀਆਂ ਪੰਜ ਟਰੈਵਲ ਏਜੰਸੀਆਂ ਦੇ ਲਾਇਸੈਂਸ ਰੱਦ ਕਰ ਦਿੱਤੇ ਹਨ। ਇਹ ਕਾਰਵਾਈ ਇਨ੍ਹਾਂ ਏਜੰਸੀਆਂ ਵਿਰੁੱਧ ਮਿਲੀਆਂ ਸ਼ਿਕਾਇਤਾਂ ਅਤੇ ਨਿਯਮਾਂ ਦੀ ਪਾਲਣਾ ਨਾ ਕਰਨ ਕਾਰਨ ਕੀਤੀ ਗਈ ਹੈ।
ਇਨ੍ਹਾਂ ਟਰੈਵਲ ਏਜੰਸੀਆਂ ਵਿਰੁੱਧ ਹੋਇਆ ਐਕਸ਼ਨ
ਮੈਸਰਜ਼ ਬੈਂਸ ਟਰੈਵਲਜ਼: ਇਹ ਫਰਮ ਆਰੀਆ ਨਗਰ, ਕਰਤਾਰਪੁਰ ਵਿੱਚ ਸਥਿਤ ਹੈ ਅਤੇ ਕੁਲਵਿੰਦਰ ਬੈਂਸ ਦੀ ਮਲਕੀਅਤ ਹੈ।
ਐਮਰਸ ਐਂਟਰਪ੍ਰਾਈਜ਼ਿਜ਼: ਇਹ ਫਰਮ ਸੋਢਲ ਰੋਡ ‘ਤੇ ਸਥਿਤ ਹੈ ਅਤੇ ਹਰਪ੍ਰੀਤ ਸਿੰਘ ਫਲੋਰਾ ਦੀ ਮਲਕੀਅਤ ਹੈ।
ਮੈਸਰਜ਼ ਗ੍ਰੇਸ ਇੰਟਰਨੈਸ਼ਨਲ: ਇਹ ਫਰਮ ਮਾਡਲ ਟਾਊਨ ਵਿੱਚ ਸਥਿਤ ਹੈ ਅਤੇ ਸਾਹਿਲ ਜੁਨੇਜਾ ਦੀ ਮਲਕੀਅਤ ਹੈ।
ਮੈਸਰਜ਼ ਮਾਵੈਂਟਰ: ਇਹ ਫਰਮ ਕਪੂਰਥਲਾ ਰੋਡ ‘ਤੇ ਸਥਿਤ ਹੈ ਅਤੇ ਸੁਨੀਲ ਮਿੱਤਰਾ ਕੋਹਲੀ ਦੀ ਮਲਕੀਅਤ ਹੈ।
ਮੈਸਰਜ਼ ਕੇ.ਐਨ. ਸਹਿਗਲ ਐਂਡ ਕੰਪਨੀ: ਇਹ ਫਰਮ ਜੀ.ਟੀ. ਰੋਡ ‘ਤੇ ਸਥਿਤ ਹੈ ਅਤੇ ਕੈਲਾਸ਼ ਨਾਥ ਸਹਿਗਲ ਦੀ ਮਲਕੀਅਤ ਹੈ।
ਇਨ੍ਹਾਂ ਏਜੰਸੀਆਂ ਦਾ ਕੀ ਹੋਵੇਗਾ?
ਜਾਰੀ ਕੀਤੇ ਗਏ ਹੁਕਮਾਂ ਅਨੁਸਾਰ, ਇਨ੍ਹਾਂ ਏਜੰਸੀਆਂ ਦੇ ਲਾਇਸੈਂਸ ਰੱਦ ਹੋਣ ਤੋਂ ਬਾਅਦ ਵੀ ਇਨ੍ਹਾਂ ਦੇ ਮਾਲਕ ਆਪਣੇ ਗਾਹਕਾਂ ਨੂੰ ਹੋਣ ਵਾਲੀ ਕਿਸੇ ਵੀ ਸ਼ਿਕਾਇਤ ਜਾਂ ਨੁਕਸਾਨ ਲਈ ਜ਼ਿੰਮੇਵਾਰ ਹੋਣਗੇ। ਇਸਦਾ ਮਤਲਬ ਹੈ ਕਿ ਜੇਕਰ ਇਨ੍ਹਾਂ ਏਜੰਸੀਆਂ ਨੇ ਕਿਸੇ ਗਾਹਕ ਨਾਲ ਧੋਖਾ ਕੀਤਾ ਹੈ ਤਾਂ ਉਨ੍ਹਾਂ ਨੂੰ ਉਸ ਨੂੰ ਮੁਆਵਜ਼ਾ ਦੇਣਾ ਪਵੇਗਾ।
ਲੋਕਾਂ ਨੂੰ ਅਪੀਲ
ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨਾਂ ਨੂੰ ਵੀ ਅਪੀਲ ਹੈ ਕਿ ਜਦੋਂ ਉਹ ਬਾਹਰ ਜਾਣ ਲਈ ਕਿਸੇ ਏਜੰਟ ਦੀ ਚੋਣ ਕਰਦੇ ਹਨ ਤਾਂ ਉਸ ਤੋਂ ਪਹਿਲਾਂ ਉਸ ਦਾ ਪਹਿਲਾਂ ਕੀਤਾ ਹੋਇਆ ਕੰਮ ਜਾਂ ਉਸ ਕੋਲ ਲਾਇਸੈਂਸ ਹੈ ਜਾਂ ਨਹੀਂ ਆਦਿ ਦੀ ਤਫਤੀਸ਼ ਕਰ ਲੈਣੀ ਚਾਹੀਦੀ ਹੈ। ਕਿਉਂਕਿ ਏਜੰਟ ਧੋਖਾਧੜੀ ਦੇ ਮਾਮਲੇ ਕਈ ਵਾਰ ਸਾਹਮਣੇ ਆ ਚੁੱਕੇ ਹਨ, ਜਿਸ ਵਿਚ ਲੋਕਾਂ ਤੋਂ ਬਾਹਰ ਭੇਜਣ ਦੇ ਨਾਂ ਉਤੇ ਪੈਸੇ ਤਾਂ ਲੈ ਲਏ ਜਾਂਦੇ ਹਨ ਪਰ ਉਨ੍ਹਾਂ ਨੂੰ ਤਾਂ ਬਾਹਰ ਭੇਜਿਆ ਜਾਂਦਾ ਹੈ ਨਾ ਹੀ ਉਨ੍ਹਾਂ ਦੇ ਪੈਸੇ ਵਾਪਸ ਕੀਤੇ ਜਾਂਦੇ ਹਨ।