ਖ਼ਬਰਿਸਤਾਨ ਨੈੱਟਵਰਕ: ਇਟਲੀ ਤੋਂ ਇੱਕ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਜਿੱਥੇ ਕੰਮ ’ਤੇ ਜਾ ਰਹੇ ਚਾਰ ਪੰਜਾਬੀ ਨੌਜਵਾਨਾਂ ਦੀ ਸੜਕ ਹਾਦਸੇ ’ਚ ਮੌਤ ਹੋ ਗਈ। ਜਦਕਿ ਇਸ ਹਾਦਸੇ ’ਚ 5 ਨੌਜਵਾਨ ਜ਼ਖਮੀ ਵੀ ਹੋਏ ਹਨ। ਕਾਰ ਸਵਾਰ ਪੰਜਾਬੀ ਨੌਜਵਾਨਾਂ ਨੂੰ ਟਰੱਕ ਵੱਲੋਂ ਜ਼ੋਰਦਾਰ ਟੱਕਰ ਮਾਰੀ ਗਈ ਜਿਸ ਕਾਰਨ ਮੌਕੇ ’ਤੇ ਹੀ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ। ਨੌਜਵਾਨਾਂ ਦੀ ਸੜਕ ਹਾਦਸੇ ’ਚ ਮੌਤ ਕਾਰਨ ਪਿੰਡ ‘ਚ ਸੋਗ ਦੀ ਲਹਿਰ ਹੈ। ਉੱਥੇ ਹੀ ਪਰਿਵਾਰਿਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।

ਦੱਸ ਦਈਏ ਕਿ ਇਨ੍ਹਾਂ ਵਿੱਚੋਂ ਤਿੰਨ ਜਲੰਧਰ ਜ਼ਿਲ੍ਹੇ ਤੇ ਚੌਥਾ ਰੋਪੜ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਮ੍ਰਿਤਕਾਂ ਦੀ ਪਛਾਣ ਹਰਵਿੰਦਰ ਸਿੰਘ , ਸੁਰਜੀਤ ਸਿੰਘ , ਮਨੋਜ ਕੁਮਾਰ ਵਾਸੀ ਆਦਮਪੁਰ ਅਤੇ ਜਸਕਰਨ ਸਿੰਘ ਵਾਸੀ ਰੋਪੜ ਵਜੋਂ ਹੋਈ ਹੈ। ਹਰਵਿੰਦਰ ਸਿੰਘ ਅਜੇ ਤਿੰਨ ਮਹੀਨੇ ਪਹਿਲਾਂ ਹੀ ਇਟਲੀ ਗਿਆ ਸੀ। ਦੂਜਾ ਨੌਜਵਾਨ ਸੁਰਜੀਤ ਸਿੰਘ ਪਿਛਲੇ ਸਾਲ ਦਸੰਬਰ 2024 ਨੂੰ ਇਟਲੀ ਗਿਆ ਸੀ।
ਸੁਰਜੀਤ ਸਿੰਘ ਦੇ ਭਰਾ ਮੁਖਤਿਆਰ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਪਹਿਲਾਂ ਦੁਬਈ ਦੋ ਸਾਲ ਲਾ ਕੇ ਆਇਆ ਸੀ। ਉਥੇ ਕੰਮ ਠੀਕ ਨਾ ਹੋਣ ਕਾਰਨ ਉਸ ਨੇ ਇਟਲੀ ਜਾਣ ਦਾ ਫੈਸਲਾ ਕੀਤਾ ਸੀ। ਇਹ ਨੌਜਵਾਨ ਇਟਲੀ ਦੀ ਸਟੇਟ ਬਾਸਲੀਕਾਤੇ ਦੇ ਜ਼ਿਲ੍ਹਾ ਮਤੇਰੇ ਦੇ ਇੱਕ ਪਿੰਡ ਵਿੱਚ ਰਹਿੰਦੇ ਸਨ ਤੇ ਕੰਮ ’ਤੇ ਜਾ ਰਹੇ ਸਨ। ਨੌਜਵਾਨਾਂ ਦੀ ਸੜਕ ਹਾਦਸੇ ’ਚ ਮੌਤ ਕਾਰਨ ਪਿੰਡ ‘ਚ ਸੋਗ ਦੀ ਲਹਿਰ ਹੈ।