ਖਬਰਿਸਤਾਨ ਨੈੱਟਵਰਕ- ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਅੱਜ ਭੋਗ ਸਮਾਗਮ ਜੱਦੀ ਪਿੰਡ ਪੋਨਾ, ਜ਼ਿਲ੍ਹਾ ਲੁਧਿਆਣਾ ਵਿੱਚ ਹੋਇਆ, ਜਿਸ ਵਿਚ ਪੰਜਾਬੀ ਇੰਡਸਟਰੀ ਤੋਂ ਗਾਇਕ, ਰਾਜਨੀਤਕ ਹਸਤੀਆਂ ਤੇ ਹੋਰ ਰਾਜਵੀਰ ਨੂੰ ਪਿਆਰ ਕਰਨ ਵਾਲੇ ਸ਼ਰਧਾਂਜਲੀਆਂ ਦੇਣ ਪੁੱਜੇ।
ਹਰ ਅੱਖ ਹੋਈ ਨਮ
ਭੋਗ ਸਮਾਗਮ ਦੌਰਾਨ ਰਾਜਵੀਰ ਦੀ ਅੰਤਿਮ ਅਰਦਾਸ ਮੌਕੇ ਹਰ ਅੱਖ ਨਮ ਦਿਖਾਈ ਦਿੱਤੀ। ਸਮਾਗਮ ਵਿੱਚ ਪੰਜਾਬੀ ਗਾਇਕ ਰੇਸ਼ਮ ਅਨਮੋਲ, ਅਦਾਕਾਰ ਰਣਜੀਤ ਬਾਵਾ, ਸਤਿੰਦਰ ਸੱਤੀ, ਸਚਿਨ ਆਹੂਜਾ, ਬੂਟਾ ਮੁਹੰਮਦ, ਗੁਰਦਾਸ ਮਾਨ, ਹਰਭਜਨ ਮਾਨ, ਕੁਲਵਿੰਦਰ ਬਿੱਲਾ, ਗੱਗੂ ਗਿੱਲ ਸਮੇਤ ਹੋਰ ਕਈ ਕਲਾਕਾਰ ਸ਼ਾਮਲ ਹੋਏ। ਇਸ ਦੌਰਾਨ ਪਿੰਡ ਦੇ ਸਰਪੰਚ ਹਰਜੀਤ ਸਿੰਘ ਵੀ ਪੁੱਜੇ।
ਧੀ ਅਮਾਨਤ ਦੇ ਭਾਵੁਕ ਬੋਲ
ਇਸ ਦੌਰਾਨ ਸਟੇਜ ਉਤੇ ਜਦੋਂ ਗਾਇਕ ਦੀ ਧੀ ਅਮਾਨਤ ਨੇ ਭਾਵੁਕ ਬੋਲ ਬੋਲੇ ਤਾਂ ਮਹੌਲ ਗਮਗੀਨ ਹੋ ਗਿਆ। ਉਸ ਛੋਟੀ ਬੱਚੀ ਨੇ ਕਿਹਾ ਕਿ ਮੇਰੇ ਪਾਪਾ ਮੈਨੂੰ ਲੱਕੀ ਚਾਰਮ ਮੰਨਦੇ ਸਨ। ਉਹ ਮੈਨੂੰ ਬਹੁਤ ਪਿਆਰ ਕਰਦੇ ਸਨ। ਉਹ ਕਹਿੰਦੇ ਹੁੰਦੇ ਸੀ ਕਿ ਮੇਰੇ ਤੋਂ ਕਦੇ ਦੂਰ ਨਾ ਹੋਣਾ ਪਰ ਉਹ ਆਪ ਹੀ ਸਾਡੇ ਤੋਂ ਦੂਰ ਹੋ ਗਏ। ਮੈਂ ਵੱਡੀ ਹੋ ਕੇ ਆਪਣੇ ਪਾਪਾ ਦੇ ਸਾਰੇ ਸੁਪਨੇ ਪੂਰੇ ਕਰਾਂਗੀ। ਜੋ ਮੇਰੇ ਪਾਪਾ ਨਾਲ ਹੋਇਆ ਉਹ ਕਿਸੇ ਹੋਰ ਨਾਲ ਨਾ ਹੋਵੇ।
ਭੈਣ ਨੇ ਸਾਰੀ ਸੰਗਤ ਦਾ ਕੀਤਾ ਧੰਨਵਾਦ
ਇਸ ਮੌਕੇ ਰਾਜਵੀਰ ਜਵੰਦਾ ਦੀ ਭੈਣ ਕਮਲਜੀਤ ਕੌਰ ਨੇ ਸਾਰੀ ਸੰਗਤ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਮੇਰਾ ਪਿਆਰਾ ਅਤੇ ਵੱਡਾ ਭਰਾ ਰਾਜਵੀਰ ਮੇਰੇ ਪਿਤਾ ਦੀ ਮੌਤ ਤੋਂ ਬਾਅਦ ਮੇਰੇ ਲਈ ਪਿਤਾ ਵਰਗਾ ਸੀ। ਮੇਰਾ ਸੁਪਨਾ ਸੀ ਕਿ ਮੇਰਾ ਭਰਾ ਪੁਲਿਸ ਅਫਸਰ ਬਣੇ। ਉਹ ਮੇਰੇ ਪਿਤਾ ਨਾਲੋਂ ਵੀ ਵਧੀਆ ਅਫਸਰ ਅਤੇ ਇੱਕ ਵਧੀਆ ਗਾਇਕ ਬਣੇ। ਮੇਰੀ ਮਾਂ ਨੇ ਹਮੇਸ਼ਾ ਮੇਰੇ ਭਰਾ ਨੂੰ ਸ਼ੇਰ ਵਾਂਗ ਪਾਲਿਆ। ਉਸ ਦਾ ਮੇਰੀ ਮਾਂ ਨਾਲ ਖਾਸ ਪਿਆਰ ਸੀ।
ਵਿਕਰਮ ਸਾਹਨੀ ਵੀ ਪੁੱਜੇ
ਇਸ ਦੌਰਾਨ ਰਾਜ ਸਭਾ ਮੈਂਬਰ ਵਿਕਰਮ ਸਾਹਨੀ ਵੀ ਪੁੱਜੇ, ਜਿਨ੍ਹਾਂ ਨੇ ਕਿਹਾ ਕਿ ਜਵੰਦਾ ਦੀ ਪਤਨੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਅਸੀਂ ਦੋਵਾਂ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਵੀ ਚੁੱਕਾਂਗੇ। ਉਹ ਇਸ ਮਾਮਲੇ ਸਬੰਧੀ ਜਲਦੀ ਹੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕਰਨਗੇ।
ਰਾਜਵੀਰ ਦੇ 52 ਸ਼ੋਅ ਹਨ ਬੁੱਕ
ਇਸ ਦੌਰਾਨ ਸਟੇਜ ਤੋਂ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਕਿਹਾ ਕਿ ਰਾਜਵੀਰ ਜਵੰਦਾ ਦੇ 52 ਸ਼ੋਅ ਬੁੱਕ ਹਨ ਤੇ ਅਸੀਂ ਸਾਰੇ ਗਾਇਕ ਭਰਾ ਉਹ ਸ਼ੋਅ ਲਾਵਾਂਗੇ । ਸ਼ੋਅਜ਼ ਤੋਂ ਜਿੰਨੀ ਵੀ ਕਮਾਈ ਹੋਵੇਗੀ ਉਹ ਸਾਰੀ ਪਰਿਵਾਰ ਨੂੰ ਦਿੱਤੀ ਜਾਵੇਗੀ। ਅਸੀਂ ਹਰ ਵੇਲੇ ਰਾਜਵੀਰ ਦੇ ਪਰਿਵਾਰ ਨਾਲ ਖੜ੍ਹੇ ਹਾਂ।
CM ਮਾਨ ਦੀ ਰਾਜਵੀਰ ਜਵੰਦਾ ਨੂੰ ਸ਼ਰਧਾਂਜਲੀ
ਉਥੇ ਹੀ CM ਭਗਵੰਤ ਸਿੰਘ ਮਾਨ ਨੇ ਰਾਜਵੀਰ ਜਵੰਦਾ ਨੂੰ ਸ਼ਰਧਾਂਲੀ ਦਿੰਦੇ ਹੋਏ ਕਿਹਾ ਕਿ ਗਾਇਕ ਦੀ ਯਾਦ ‘ਚ ਪਿੰਡ ਪੋਨਾ ‘ਚ ਖੇਡ ਸਟੇਡੀਅਮ ਬਣਾਇਆ ਜਾਵੇਗਾ। ਇਸ ਦੇ ਨਾਲ ਹੀ ਯਾਦਗਾਰੀ ਗੇਟ ਤੇ ਬੁੱਤ ਵੀ ਕੀਤਾ ਸਥਾਪਤ ਜਾਵੇਗਾ। ਜ਼ਿਕਰਯੋਗ ਹੈ ਕਿ ਉਹ ਤਰਨਤਾਰਨ ਜ਼ਿਮਨੀ ਚੋਣ ਦੇ ਚੋਣ ਪ੍ਰਚਾਰ ਕਾਰਣ ਉਥੇ ਪੁੱਜ ਨਹੀਂ ਸਕੇ, ਇਹ ਜਾਣਕਾਰੀ ਉਨ੍ਹਾਂ ਫੋਨ ਉਤੇ ਨਜ਼ਦੀਕੀ ਕਲਾਕਾਰਾਂ ਨੂੰ ਦਿੱਤੀ।