ਖਬਰਿਸਤਾਨ ਨੈੱਟਵਰਕ- ਬਠਿੰਡਾ ਨਗਰ ਨਿਗਮ ਨੂੰ ਅੱਜ ਨਵਾਂ ਸੀਨੀਅਰ ਡਿਪਟੀ ਮੇਅਰ ਮਿਲ ਗਿਆ ਹੈ। ਦੱਸ ਦੇਈਏ ਕਿ ਆਮ ਆਦਮੀ ਪਾਰਟੀ ਦੇ ਕੌਂਸਲਰ ਸ਼ਾਮ ਲਾਲ ਜੈਨ ਨੇ ਸੀਨੀਅਰ ਡਿਪਟੀ ਮੇਅਰ ਦੀ ਚੋਣ ਜਿੱਤ ਲਈ ਹੈ। ਨਗਰ ਨਿਗਮ ਦਫ਼ਤਰ ਵਿੱਚ ਹੋਈ ਚੋਣ ਦੌਰਾਨ ਕੁੱਲ 42 ਕੌਂਸਲਰਾਂ ਨੇ ਵੋਟਿੰਗ ਵਿੱਚ ਹਿੱਸਾ ਲਿਆ, ਜਦਕਿ 8 ਕੌਂਸਲਰ ਗੈਰਹਾਜ਼ਰ ਰਹੇ।
ਕਾਂਗਰਸ ਦੇ ਉਮੀਦਵਾਰ ਹਰਵਿੰਦਰ ਸਿੰਘ ਲੱਡੂ ਨੂੰ ਹਰਾਇਆ
ਚੋਣ ਦੌਰਾਨ ਸ਼ਾਮ ਲਾਲ ਜੈਨ ਨੂੰ 30 ਕੌਂਸਲਰਾਂ ਦਾ ਸਮਰਥਨ ਮਿਲਿਆ, ਜਦਕਿ ਕਾਂਗਰਸ ਦੇ ਉਮੀਦਵਾਰ ਹਰਵਿੰਦਰ ਸਿੰਘ ਲੱਡੂ ਨੂੰ ਸਿਰਫ਼ 12 ਵੋਟਾਂ ਨਾਲ ਹੀ ਸਬਰ ਕਰਨਾ ਪਿਆ। ਵਿਧਾਇਕ ਜਗਰੂਪ ਸਿੰਘ ਗਿੱਲ ਅਤੇ ਉਨ੍ਹਾਂ ਦੇ ਤਿੰਨ ਕੌਂਸਲਰ ਸਾਥੀ ਇਸ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ, ਜਿਸ ਨਾਲ ਚੋਣ ਦੇ ਨਤੀਜੇ ‘ਤੇ ਅਹਿਮ ਅਸਰ ਪਿਆ।
ਚੋਣ ਨਤੀਜੇ ਨੇ ਮੇਅਰ ਪਦਮਜੀਤ ਸਿੰਘ ਮਹਿਤਾ ਦੇ ਧੜੇ ਦੀ ਪਕੜ ਹੋਰ ਮਜ਼ਬੂਤ ਕਰ ਦਿੱਤੀ ਹੈ। ਯਾਦ ਰਹੇ ਕਿ ਮਹਿਤਾ 6 ਫ਼ਰਵਰੀ 2025 ਨੂੰ 33 ਕੌਂਸਲਰਾਂ ਦੇ ਸਮਰਥਨ ਨਾਲ ਮੇਅਰ ਚੁਣੇ ਗਏ ਸਨ। ਉਸ ਤੋਂ ਬਾਅਦ 2 ਮਈ 2025 ਨੂੰ ਕਾਂਗਰਸ ਦੇ ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ ਨੂੰ ਅਹੁਦੇ ਤੋਂ ਹਟਾਇਆ ਗਿਆ ਸੀ। ਅੱਜ ਦੀ ਜਿੱਤ ਨਾਲ ਇਹ ਸਪਸ਼ਟ ਹੋ ਗਿਆ ਹੈ ਕਿ ਮਹਿਤਾ ਗਰੁੱਪ ਨਾ ਸਿਰਫ਼ ਸੰਗਠਨਕ ਤੌਰ ‘ਤੇ ਮਜ਼ਬੂਤ ਹੈ, ਸਗੋਂ ਹਾਊਸ ਵਿੱਚ ਉਨ੍ਹਾਂ ਦੀ ਗਿਣਤੀ ਵੀ ਵਧ ਗਈ ਹੈ। ਇਹ ਜਿੱਤ ਬਠਿੰਡਾ ਦੇ ਨਗਰ ਨਿਗਮ ਦੀ ਸਿਆਸੀ ਤਸਵੀਰ ਨੂੰ ਨਵਾਂ ਰੂਪ ਦੇ ਸਕਦੀ ਹੈ।
ਮੇਅਰ ਪਦਮਜੀਤ ਸਿੰਘ ਮਹਿਤਾ ਨੇ ਸ਼ਾਮ ਲਾਲ ਜੈਨ ਦੀ ਜਿੱਤ ਨੂੰ ਨਗਰ ਨਿਗਮ ਦੀ ਟੀਮ ਲਈ ਵੱਡੀ ਪ੍ਰਾਪਤੀ ਦੱਸਿਆ। ਉਨ੍ਹਾਂ ਨੇ ਕਿਹਾ ਕਿ ਹੁਣ ਹਾਊਸ ਵਿੱਚ ਇਕਜੁੱਟਤਾ ਹੋਰ ਵਧੀ ਹੈ ਅਤੇ ਵਿਕਾਸ ਯੋਜਨਾਵਾਂ ਨੂੰ ਹੋਰ ਤੀਬਰਤਾ ਨਾਲ ਅੱਗੇ ਵਧਾਇਆ ਜਾਵੇਗਾ।