ਖਬਰਿਸਤਾਨ ਨੈੱਟਵਰਕ– ਅੱਜ ਪਹਿਲੀ ਪਾਤਸ਼ਾਹੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ 556ਵਾਂ ਪ੍ਰਕਾਸ਼ ਪੁਰਬ ਸਮੁੱਚੇ ਜਗਤ ਵਿਚ ਬੜੀ ਧੂਮ-ਧਾਮ ਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਇਸ ਸ਼ੁੱਭ ਦਿਹਾੜੇ ਮੌਕੇ ਗੁਰਦੁਆਰਿਆਂ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਪੁੱਜ ਕੇ ਹਾਜ਼ਰੀਆਂ ਭਰ ਰਹੀਆਂ ਹਨ। ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੀ ਪਤਨੀ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ।

CM ਮਾਨ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ
ਮੁੱਖ ਮੰਤਰੀ ਮਾਨ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਪਹਿਲੇ ਪਾਤਸ਼ਾਹ, ਜਗਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਪਾਵਨ ਮੌਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਨਤਮਸਤਕ ਹੋਣ ਦਾ ਸੁਭਾਗਾ ਸਮਾਂ ਮਿਲਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਸੀਸ ਨਿਵਾਇਆ। ਗੁਰਬਾਣੀ ਕੀਰਤਨ ਦਾ ਆਨੰਦ ਮਾਣਿਆ ਅਤੇ ਨਾਨਕ ਨਾਮ ਲੇਵਾ ਸੰਗਤਾਂ ਦੇ ਦਰਸ਼ਨ ਕੀਤੇ। ਗੁਰੂ ਸਾਹਿਬ ਅੱਗੇ ਪੰਜਾਬ ‘ਚ ਸਰਬ-ਸਾਂਝੀਵਾਲਤਾ ਤੇ ਭਾਈਚਾਰਕ ਸਾਂਝ ਕਾਇਮ ਰਹਿਣ ਦੀ ਅਰਦਾਸ ਬੇਨਤੀ ਕੀਤੀ।
ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ
ਧਾਰਮਕ ਸਰੋਤਾਂ ਅਨੁਸਾਰ ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈਸਵੀਂ ਵਿੱਚ ਕੱਤਕ ਦੀ ਪੂਰਨਮਾਸ਼ੀ ਨੂੰ, ਬਿਕਰਮੀ ਕੈਲੰਡਰ ਅਨੁਸਾਰ, ਪਾਕਿਸਤਾਨ ਦੇ ਮੌਜੂਦਾ ਸ਼ੇਖੂਪੁਰਾ ਜ਼ਿਲ੍ਹਾ, ਹੁਣ ਨਨਕਾਣਾ ਸਾਹਿਬ ਵਿੱਚ ਰਾਏ-ਭੋਇ-ਦੀ ਤਲਵੰਡੀ (ਹੁਣ ਨਨਕਾਣਾ ਸਾਹਿਬ, ਪੰਜਾਬ, ਪਾਕਿਸਤਾਨ) ਵਿੱਚ ਹੋਇਆ ਸੀ। ਗੁਰੂ ਸਾਹਿਬ ਬਾਲ ਅਵਸਥਾ ਤੋਂ ਹੀ ਪ੍ਰਭੂ ਭਗਤੀ ਵਿਚ ਲੀਨ ਰਹਿੰਦੇ ਸਨ।
ਗੁਰੂ ਸਾਹਿਬ ਦੇ ਪਿਤਾ ਦਾ ਨਾਮ ਮਹਿਤਾ ਕਾਲੂ ਅਤੇ ਮਾਤਾ ਤ੍ਰਿਪਤਾ ਸਨ। ਪਿਤਾ ਪਿੰਡ ਤਲਵੰਡੀ ਦੇ ਫ਼ਸਲ ਮਾਮਲੇ ਦੇ ਪਟਵਾਰੀ ਸਨ। ਭੈਣ ਨਾਨਕੀ ਜੀ ਨੂੰ ਗੁਰੂ ਸਾਹਿਬ ਬਾਰੇ ਪਤਾ ਲੱਗਾ ਕਿ ਉਹ ਕੋਈ ਮਾਮੂਲੀ ਇਨਸਾਨ ਨਹੀਂ ਸਗੋਂ ਖੁਦਾ ਦੇ ਨੂਰ ਹਨ। ਗੁਰੂ ਸਾਹਿਬ ਜੀ ਨੇ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦਾ ਹੋਕਾ ਦਿੱਤਾ।
1487 ਨੂੰ ਆਪ ਜੀ ਦਾ ਵਿਆਹ ਬਟਾਲਾ ਕਸਬੇ ਦੇ ਮੂਲ ਚੰਦ ਅਤੇ ਚੰਦੋ ਰਾਣੀ ਦੀ ਧੀ ਮਾਤਾ ਸੁਲੱਖਣੀ ਨਾਲ਼ ਹੋਇਆ। ਆਪ ਦੇ ਘਰ ਦੋ ਪੁੱਤਰਾਂ ਨੇ ਜਨਮ ਲਿਆ ਸ੍ਰੀ ਚੰਦ (8 ਸਤੰਬਰ 1494 – 13 ਜਨਵਰੀ 1629) ਅਤੇ ਲਖਮੀ ਚੰਦ (12 ਫਰਵਰੀ 1497 – 9 ਅਪ੍ਰੈਲ 1555)। ਸ੍ਰੀ ਚੰਦ ਨੂੰ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੋਂ ਗਿਆਨ ਪ੍ਰਾਪਤ ਹੋਇਆ ਅਤੇ ਉਹ ਉਦਾਸੀ ਸੰਪਰਦਾ ਦੇ ਸੰਸਥਾਪਕ ਬਣ ਗਏ।
ਉਦਾਸੀਆਂ
ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ-ਕਾਲ ਦੌਰਾਨ ਬਹੁਤ ਯਾਤਰਾਵਾਂ ਕੀਤੀਆਂ। ਕੁਝ ਆਧੁਨਿਕ ਬਿਰਤਾਂਤ ਦੱਸਦੇ ਹਨ ਕਿ ਉਹਨਾਂ ਨੇ ਤਿੱਬਤ, ਦੱਖਣੀ ਏਸ਼ੀਆ ਅਤੇ ਜ਼ਿਆਦਾਤਰ ਅਰਬ ਦੇ ਦੌਰੇ ਕੀਤੇ, ਜੋ 14 ਸਾਲ ਦੀ ਉਮਰ ਵਿੱਚ 1496 ਵਿੱਚ ਸ਼ੁਰੂ ਹੋਏ, ਜਦੋਂ ਉਨ੍ਹਾਂ ਆਪਣੇ ਪਰਿਵਾਰ ਨੂੰ ਤੀਹ ਸਾਲਾਂ ਦੀ ਮਿਆਦ ਲਈ ਛੱਡ ਦਿੱਤਾ। ਇਨ੍ਹਾਂ ਦਾਅਵਿਆਂ ਵਿੱਚ ਗੁਰੂ ਨਾਨਕ ਦੇਵ ਜੀ ਭਾਰਤੀ ਮਿਥਿਹਾਸਕ ਦੇ ਮਾਉਂਟ ਸੁਮੇਰੂ ਦੇ ਨਾਲ ਨਾਲ ਮੱਕਾ, ਬਗਦਾਦ, ਅਚਲ ਬਟਾਲਾ ਅਤੇ ਮੁਲਤਾਨ ਦਾ ਦੌਰਾ ਵੀ ਕੀਤਾ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚਾਰ ਉਦਾਸੀਆਂ ਕੀਤੀਆਂ ਸੀ, ਇਨ੍ਹਾਂ ਉਦਾਸੀਆਂ ਦੌਰਾਨ ਗੁਰੂ ਸਾਹਿਬ ਨੇ ਵੱਖ-ਵੱਖ ਮੱਤਾਂ ਦੇ ਧਾਰਨੀ ਲੋਕਾਂ ਨੂੰ ਮਾਨਵਤਾ ਦੀ ਸੇਵਾ ਕਰਨ ਦਾ ਉਪਦੇਸ਼ ਦਿੱਤਾ ਅਤੇ ਸਮਝਾਇਆ ਕਿ ਮਨੁੱਖ-ਮਾਤਰ ਦੀ ਸੇਵਾ ਅਤੇ ਪ੍ਰਭੂ ਦੀ ਯਾਦ ਘਰ ‘ਚ ਰਹਿ ਕੇ ਹੀ ਮਨੁੱਖ ਪਰਮ ਸਤਿ ਨੂੰ ਪ੍ਰਾਪਤ ਕਰ ਸਕਦਾ ਹੈ, ਸੰਸਾਰ ਤੋਂ ਵੱਖ ਹੋ ਕੇ ਨਹੀਂ। ਇਸ ਉਪਦੇਸ਼ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਕਿਮ, ਭੁਟਾਨ, ਤਿੱਬਤ, ਸੁਮੇਰ ਪਰਬਤ, ਮਾਨਸਰੋਵਰ ਦੀ ਝੀਲ, ਬਦਰੀਨਾਥ, ਕੇਦਾਰਨਾਥ, ਜੋਸ਼ੀਮਠ, ਲੱਦਾਖ, ਅਮਰਨਾਥ, ਅਲਮੋੜਾ, ਬਾਗੇਸ਼ਵਰ, ਖਟਮੰਡੂ ਆਦਿ ਸਥਾਨਾਂ ਦੀ ਯਾਤਰਾ ਕੀਤੀ ਤੇ ਅੱਜ ਵੀ ਇਨ੍ਹਾਂ ਥਾਵਾਂ ‘ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੇ ਨਿਸ਼ਾਨ ਮਿਲਦੇ ਹਨ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਹਿਲੀ ਉਦਾਸੀ 1509 ਵਿਚ ਸੁਲਤਾਨਪੁਰ ਲੋਧੀ ਤੋਂ ਅਰੰਭ ਕੀਤੀ ਅਤੇ ਇਹ ਉਦਾਸੀ ਸਭ ਤੋਂ ਲੰਮੀ ਸੀ। ਇਸ ਉਦਾਸੀ ਦੌਰਾਨ ਹੀ ਗੁਰੂ ਜੀ ਉੱਤਰ ਪ੍ਰਦੇਸ਼ ‘ਚ ਨਾਨਕ ਮਤੇ ਤੋਂ ਪੀਲੀਭੀਤ, ਸੀਤਾਪੁਰ, ਲਖਨਊ, ਇਲਾਹਾਬਾਦ, ਸੁਲਤਾਨਪੁਰ, ਬਨਾਰਸ, ਪਟਨਾ, ਮਯਾ, ਸਿਲਹਟ, ਧੁਬੜੀ, ਗੁਹਾਟੀ, ਸਿਲਾਂਗ ਹੁੰਦੇ ਹੋਏ ਗੁਰੂ ਜੀ ਢਾਕਾ ਤੇ ਕਲਕੱਤਾ ਹੋ ਕੇ ਜਗਨਨਾਥਪੁਰੀ ਪਹੁੰਚੇ। ਜਗਨਨਾਥ ਤੋਂ ਸਮੁੰਦਰੀ ਤੱਟ ਦੇ ਨਾਲ-ਨਾਲ ਚਲਦਿਆਂ ਉਨ੍ਹਾਂ ਨੇ ਗੁੰਟੂਰ, ਮਦਰਾਸ ਅਤੇ ਰਾਮੇਸ਼ਵਰ ਦੀ ਯਾਤਰਾ ਕੀਤੀ, ਜਿਥੋਂ ਉਹ ਲੰਕਾ ਪਹੁੰਚੇ ਅਤੇ ਜਾਫਨਾ ਦੇ ਰਾਣਾ ਸ਼ਿਵਨਾਥ ਨੂੰ ਉਨ੍ਹਾਂ ਨੇ ਸਿੱਖੀ ਦੀ ਬਖਸ਼ਿਸ਼ ਕੀਤੀ। ਲੰਕਾ ਦੀ ਯਾਤਰਾ ਸਮਾਪਤ ਕਰਕੇ ਗੁਰੂ ਜੀ ਕੋਚੀਨ ਪਹੁੰਚੇ, ਜਿੱਥੋਂ ਗੁਰੂ ਜੀ ਨੇ ਆਂਧਰਾ ਪ੍ਰਦੇਸ਼ ਵਿਚ ਪ੍ਰਵੇਸ਼ਕੀਤਾ। ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਨਾਨਕ ਝੀਰਾ, ਮਾਲਟੇਕਰੀ, ਨਾਂਦੇੜ, ਨਾਮਦੇਵ ਦੇ ਨਗਰ ਨਰਸੀ ਬਾਮਣੀ, ਭਗਤ ਤਿਰਲੋਚਨ ਦੇ ਨਗਰ ਵਾਰਸੀ ਹੁੰਦੇ ਹੋਏ ਔਕੇਸ਼ਵਰ ਪਹੁੰਚੇ ਤੇ ਉਥੋਂ ਉਹ ਇੰਦੌਰ, ਖੰਡਵਾ ਤੋਂ ਨਰਮਦਾ ਨਦੀ ਦੇ ਨਾਲ-ਨਾਲ ਤੁਰਦੇ ਹੋਏ ਜਬਲਪੁਰ ਸ਼ਹਿਰ ਦੇ ਗਵਾਰੀਘਾਟ ਪਹੁੰਚੇ| ਇਸ ਲਈ ਇਹ ਸੰਭਵ ਹੈ ਕਿ ਇਸ ਤਰ੍ਹਾਂ ਦੇ ਭਰਮਾਂ ਨੂੰ ਤੋੜਨ ਅਤੇ ਕਰਮਕਾਂਡਾਂ ‘ਚ ਫਸੇ ਹੋਏ ਜੀਵਾਂ ਨੂੰ ਸਿੱਧਾ ਰਾਹ ਵਿਖਾਉਣ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਇਥੇ ਠਹਿਰੇ ਹੋਣ। ਨਰਮਦਾ ਨਦੀ ਦੇ ਖੱਬੇ ਕਿਨਾਰੇ ‘ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦਗਾਰ ਕਾਇਮ ਹੈ| ਅਪਰਕੰਟਕ ਜਿਥੋਂ ਨਰਮਦਾ ਨਿਕਲ ਦੀ ਹੈ, ਉਥੇ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਗੁਰਦੁਆਰਾ ਸਥਾਪਿਤ ਹੈ।
ਜੋਤੀ-ਜੋਤਿ ਸਮਾਉਣਾ
ਗੁਰੂ ਨਾਨਕ ਸਾਹਿਬ ਨੇ ਭਾਈ ਲਹਿਣਾ ਜੀ ਨੂੰ ਗੁਰੂ ਵਾਰਸ ਐਲਾਨਿਆ ਅਤੇ ਉਹਨਾਂ ਦਾ ਨਾਮ ਗੁਰੂ ਅੰਗਦ ਵਿੱਚ ਤਬਦੀਲ ਕਰ ਦਿੱਤਾ, ਜਿਸ ਦਾ ਅਰਥ ਹੈ “ਇਕ ਬਹੁਤ ਹੀ ਆਪਣਾ” ਜਾਂ “ਤੁਹਾਡਾ ਆਪਣਾ ਹਿੱਸਾ”। ਭਾਈ ਲਹਿਣੇ ਨੂੰ ਵਾਰਸ ਐਲਾਨਣ ਤੋਂ ਕੁਝ ਅਰਸੇ ਬਾਅਦ ਗੁਰੂ ਨਾਨਕ ਦੇਵ ਜੀ 1539 ਨੂੰ ਕਰਤਾਰਪੁਰ ਵਿਖੇ 70 ਸਾਲ ਦੀ ਉਮਰ ਵਿਚ ਜੋਤੀ ਜੋਤਿ ਸਮਾ ਗਏ ਸਨ।