ਖਬਰਿਸਤਾਨ ਨੈੱਟਵਰਕ- ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਪਟੀਸ਼ਨ ਨੂੰ ਲੈ ਕੇ ਅੱਜ ਕੋਰਟ ਵਿਚ ਕਾਫੀ ਬਹਿਸਬਾਜ਼ੀ ਹੋਈ ਪਰ ਕੱਲ੍ਹ ਤਕ ਲਈ ਸੁਣਵਾਈ ਮੁਲਤਵੀ ਕਰ ਦਿੱਤੀ ਗਈ ਹੈ। ਮਜੀਠੀਆ ਵਲੋਂ ਸੀਨੀਅਰ ਵਕੀਲ ਆਰ. ਐਸ. ਚੀਮਾ ਅਤੇ ਐਡਵੋਕੇਟ ਦਮਨਪ੍ਰੀਤ ਸਿੰਘ ਸੋਬਤੀ ਪੇਸ਼ ਹੋਏ ਸਨ।
ਜ਼ਮਾਨਤ ਪਟੀਸ਼ਨ ਨੂੰ ਲੈ ਕੇ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਸੁਣਵਾਈ ਹੋਈ, ਇਸ ਦੌਰਾਨ ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ ਭਲਕੇ 7 ਨਵੰਬਰ ਨੂੰ ਹੋਣੀ ਤੈਅ ਕੀਤੀ ਹੈ। ਇਸ ਲਈ ਮਜੀਠੀਆ ਦੀ ਜ਼ਮਾਨਤ ਪਟੀਸ਼ਨ ਨੂੰ ਲੈ ਕੇ ਅਦਾਲਤ ਵਲੋਂ ਭਲਕੇ ਵੱਡਾ ਫ਼ੈਸਲਾ ਆ ਸਕਦਾ ਹੈ।
ਸੁਣਵਾਈ ਦੌਰਾਨ ਅਦਾਲਤ ‘ਚ ਕਾਫੀ ਬਹਿਸ ਹੋਈ। ਸਰਕਾਰ ਦੀ ਨੁਮਾਇੰਦਗੀ ਕਰ ਰਹੇ ਪੰਜਾਬ ਐਡਵੋਕੇਟ ਜਨਰਲ (ਏ. ਜੀ.) ਨੇ 2 ਦਿਨਾਂ ਦਾ ਸਮਾਂ ਮੰਗਿਆ, ਜਿਸ ਬਾਰੇ ਅਦਾਲਤ ਨੇ ਇਨਕਾਰ ਕਰ ਦਿੱਤਾ।
ਜ਼ਿਕਰਯੋਗ ਹੈ ਕਿ ਤਿੰਨ ਵਾਰ ਵਿਧਾਇਕ ਰਹੇ ਬਿਕਰਮ ਮਜੀਠੀਆ ਨੂੰ 25 ਜੂਨ ਨੂੰ ਸਵੇਰੇ ਉਨ੍ਹਾਂ ਦੇ ਅੰਮ੍ਰਿਤਸਰ ਘਰ ਅਤੇ 25 ਹੋਰ ਥਾਵਾਂ ‘ਤੇ ਛਾਪੇਮਾਰੀ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ। ਵਿਜੀਲੈਂਸ ਟੀਮ ਨੇ ਛਾਪੇਮਾਰੀ ਦੌਰਾਨ ਡਿਜੀਟਲ ਡਿਵਾਈਸਾਂ, ਜਾਇਦਾਦ ਦੇ ਦਸਤਾਵੇਜ਼ ਅਤੇ ਵਿੱਤੀ ਰਿਕਾਰਡ ਜ਼ਬਤ ਕੀਤੇ ਸਨ। ਉਹ ਇਸ ਸਮੇਂ ਪਟਿਆਲਾ ਦੀ ਨਾਭਾ ਜੇਲ੍ਹ ਵਿਚ ਬੰਦ ਹਨ।