ਖਬਰਿਸਤਾਨ ਨੈੱਟਵਰਕ- ਪੰਜਾਬ ਦੇ ਮਸ਼ਹੂਰ ਗੀਤਕਾਰ ਨਿੰਮਾ ਲੁਹਾਰਕਾ ਦਾ ਦਿਹਾਂਤ ਹੋ ਗਿਆ, ਇਸ ਮੰਦਭਾਗੀ ਖਬਰ ਤੋਂ ਬਾਅਦ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਸੋਗ ਦੀ ਲਹਿਰ ਫੈਲ ਗਈ। ਨਿੰਮਾ ਅੰਮ੍ਰਿਤਸਰ ਦੇ ਪਿੰਡ ਲੁਹਾਰਕਾ ਦੇ ਰਹਿਣ ਵਾਲੇ ਸਨ, ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਸੁਪਰਹਿੱਟ ਗੀਤ ਦਿੱਤੇ।
150 ਤੋਂ ਵੱਧ ਗੀਤ ਸੁਪਰਹਿੱਟ
ਪੰਜਾਬੀ ਸੰਗੀਤ ਇੰਡਸਟਰੀ ਲਈ 500 ਤੋਂ ਵੱਧ ਗੀਤ ਲਿਖਣ ਵਾਲੇ ਅਤੇ 150 ਗਾਇਕਾਂ ਨੂੰ ਹਿੱਟ ਗੀਤ ਦੇਣ ਵਾਲੇ ਨਿੰਮਾ ਲੁਹਾਰਕਾ ਦਾ 48 ਸਾਲ ਦੀ ਉਮਰ ਵਿਚ ਦਿਹਾਂਤ ਹੋਇਆ ਹੈ। ਉਨ੍ਹਾਂ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਵਿੱਚ ਕੀਤਾ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਉਹ ਪਿਛਲੇ ਕੁਝ ਦਿਨਾਂ ਤੋਂ ਬੀਮਾਰ ਸਨ।
ਨਿੰਮਾ ਲੁਹਾਰਕਾ ਦਾ ਪੂਰਾ ਨਾਮ ਨਿਰਮਲ ਸਿੰਘ ਸੀ। ਉਨ੍ਹਾਂ ਦਾ ਜਨਮ 24 ਮਾਰਚ, 1977 ਨੂੰ ਅੰਮ੍ਰਿਤਸਰ ਦੀ ਅਜਨਾਲਾ ਤਹਿਸੀਲ ਦੇ ਪਿੰਡ ਲੁਹਾਰਕਾ ਵਿੱਚ ਹੋਇਆ ਸੀ। ਨਿੰਮਾ ਦੇ ਪਿਤਾ ਦਰਸ਼ਨ ਸਿੰਘ ਅਤੇ ਮਾਤਾ ਦਲਬੀਰ ਕੌਰ ਕਿਸਾਨ ਪ੍ਰਵਾਰ ਨਾਲ ਸਬੰਧਿਤ ਸਨ।
ਇੰਟਰਵਿਊਆਂ ਵਿੱਚ ਨਿੰਮਾ ਨੇ ਜ਼ਿਕਰ ਕੀਤਾ ਸੀ ਕਿ ਉਸ ਦੀ ਵਿੱਤੀ ਸਥਿਤੀ ਚੰਗੀ ਨਹੀਂ ਸੀ। ਉਸ ਨੇ ਬਹੁਤ ਸਾਰੇ ਲੋਕਾਂ ਨੂੰ ਸਟਾਰ ਬਣਾਇਆ ਸੀ, ਪਰ ਬਹੁਤ ਘੱਟ ਲੋਕਾਂ ਨੇ ਉਸ ਦੇ ਆਖਰੀ ਪਲਾਂ ਵਿੱਚ ਮਦਦ ਕੀਤੀ।
ਨਾਮੀ ਪੰਜਾਬੀ ਗਾਇਕਾਂ ਨੇ ਗਾਏ ਨਿੰਮਾ ਲੁਹਾਰਕਾ ਦੇ ਗੀਤ
ਨਿੰਮਾ ਲੁਹਾਰਕਾ ਦੇ ਲਿਖੇ ਹੋਏ ਗੀਤ ਅਮਰਿੰਦਰ ਗਿੱਲ, ਦਿਲਜੀਤ ਦੋਸਾਂਝ, ਨਛੱਤਰ ਗਿੱਲ, ਕੁਲਵਿੰਦਰ ਢਿੱਲੋਂ ਸਮੇਤ ਹੋਰ ਗਾਇਕਾਂ ਨੇ ਗਾਏ, ਜੋ ਕਿ ਸੁਪਰਹਿੱਟ ਰਹੇ। ਉਨ੍ਹਾਂ ਦੇ 150 ਤੋਂ ਵੱਧ ਗੀਤ ਬਹੁਤ ਮਕਬੂਲ ਹੋਏ। ਦਿਹਾਂਤ ਦੀ ਖਬਰ ਨਿੰਮਾ ਲੁਹਾਰਕਾ ਦੇ ਪੇਜ ਉਤੇ ਪੋਸਟ ਕਰ ਕੇ ਸਾਂਝੀ ਕੀਤੀ ਗਈ।