ਖਬਰਿਸਤਾਨ ਨੈੱਟਵਰਕ- ਅੰਮ੍ਰਿਤਸਰ ਦੇ ਇੱਕ ਹੋਟਲ ਵਿੱਚ ਵਿਆਹੁਤਾ ਪ੍ਰੇਮਿਕਾ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਹੋਟਲ ਵਿਚੋਂ 30 ਸਾਲਾ ਔਰਤ ਦੀ ਲਾਸ਼ ਮਿਲੀ ਹੈ। ਸੂਚਨਾ ਮਿਲਣ ਉਤੇ ਪੁਲਸ ਮੌਕੇ ਉਤੇ ਪੁੱਜੀ। ਪੁਲਸ ਨੇ ਔਰਤ ਦੇ ਪ੍ਰੇਮੀ ਵਿਰੁੱਧ ਕੇਸ ਦਰਜ ਕੀਤਾ ਹੈ ਅਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ।
ਜਾਣੋ ਪੂਰਾ ਮਾਮਲਾ
ਮ੍ਰਿਤਕਾ ਦੀ ਪਛਾਣ ਵੀਰਪਾਲ ਕੌਰ (30 ਸਾਲ) ਵਜੋਂ ਹੋਈ ਹੈ, ਜੋ ਕਿ ਤਰਨਤਾਰਨ ਦੀ ਰਹਿਣ ਵਾਲੀ ਸੀ। ਵਾਰਦਾਤ ਤੋਂ ਬਾਅਦ ਪੁਲਿਸ ਨੂੰ ਦਿੱਤੇ ਬਿਆਨ ਵਿੱਚ, ਉਸਦੇ ਭਰਾ, ਇੰਦਰਜੀਤ ਸਿੰਘ ਉਰਫ਼ ਸੋਨੂੰ ਨੇ ਦੱਸਿਆ ਕਿ ਵੀਰਪਾਲ ਕੌਰ ਦਾ ਵਿਆਹ ਲਗਭਗ 7-8 ਸਾਲ ਪਹਿਲਾਂ ਰਸਲਾਲ ਸਿੰਘ ਨਾਲ ਹੋਇਆ ਸੀ ਅਤੇ ਉਨ੍ਹਾਂ ਦੇ ਜੁੜਵਾਂ ਬੱਚੇ ਵੀ ਹਨ। ਹਾਲਾਂਕਿ, ਮ੍ਰਿਤਕਾ ਦੇ ਆਪਣੇ ਸਹੁਰੇ ਪਿੰਡ ਗਵਾੜ ਦੇ ਰਹਿਣ ਵਾਲੇ ਗੁਰਮੀਤ ਸਿੰਘ ਉਰਫ ਧਰਮ ਨਾਲ ਨਾਜਾਇਜ਼ ਸਬੰਧ ਸਨ, ਜਿਸ ਕਾਰਨ ਉਸਦੇ ਪਤੀ ਨਾਲ ਅਕਸਰ ਝਗੜੇ ਹੁੰਦੇ ਰਹਿੰਦੇ ਸਨ। ਇਸ ਕਾਰਨ, ਪਰਿਵਾਰ ਤਿੰਨ ਮਹੀਨੇ ਪਹਿਲਾਂ ਵੀਰਪਾਲ ਨੂੰ ਉਸ ਦੇ ਬੱਚਿਆਂ ਸਮੇਤ ਆਪਣੇ ਘਰ ਲੈ ਆਇਆ ਸੀ, ਜਿੱਥੇ ਉਹ ਰਹਿ ਰਹੀ ਸੀ।
ਇੰਦਰਜੀਤ ਦੇ ਅਨੁਸਾਰ ਵੀਰਪਾਲ ਕੌਰ 14 ਨਵੰਬਰ ਨੂੰ ਸਵੇਰੇ 10 ਵਜੇ ਦੇ ਕਰੀਬ ਘਰੋਂ ਇਹ ਕਹਿ ਕੇ ਨਿਕਲੀ ਸੀ ਕਿ ਉਹ ਆਪਣੇ ਸਹੁਰਿਆਂ ਤੋਂ ਕੱਪੜੇ ਅਤੇ ਸਾਮਾਨ ਇਕੱਠਾ ਕਰਕੇ ਵਾਪਸ ਆਵੇਗੀ ਪਰ ਉਹ ਸ਼ਾਮ ਤੱਕ ਵਾਪਸ ਨਹੀਂ ਆਈ। ਦੇਰ ਸ਼ਾਮ, ਪਰਿਵਾਰ ਨੂੰ ਇੱਕ ਫੋਨ ਆਇਆ, ਜਿਸ ਵਿੱਚ ਦੱਸਿਆ ਗਿਆ ਕਿ ਵੀਰਪਾਲ ਕੌਰ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ ਹੈ ਅਤੇ ਉਸਦੀ ਲਾਸ਼ ਇਕ ਹੋਟਲ ਦੇ ਕਮਰਾ ਨੰਬਰ 104 ਵਿੱਚ ਪਈ ਹੈ।
ਪਰਿਵਾਰ ਦਾ ਦੋਸ਼ ਹੈ ਕਿ ਗੁਰਮੀਤ ਸਿੰਘ ਉਰਫ ਧਰਮ ਨੇ ਵੀਰਪਾਲ ਕੌਰ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਹੈ। ਉਹ ਉਸੇ ਦਿਨ ਘਰ ਛੱਡ ਗਿਆ ਅਤੇ ਵਾਪਸ ਨਹੀਂ ਆਇਆ। ਪੁਲਸ ਮੁਲਜ਼ਮ ਦੀ ਭਾਲ ਕਰ ਰਹੀ ਹੈ।