ਖਬਰਿਸਤਾਨ ਨੈੱਟਵਰਕ– ਜਲੰਧਰ ਦੇ ਪਾਰਸ ਅਸਟੇਟ ਵਿੱਚ 13 ਸਾਲਾ ਲੜਕੀ ਦੇ ਰੇਪ ਤੋਂ ਬਾਅਦ ਕਤਲ ਮਾਮਲੇ ਨੇ ਜਿੱਥੇ ਸਭ ਦੇ ਦਿਲਾਂ ਨੂੰ ਝੰਜੋੜ ਕੇ ਰੱਖ ਦਿੱਤਾ, ਉਥੇ ਹੀ ਦਰਿੰਦੇ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਲੋਕਾਂ ਵਲੋਂ ਵੱਡੇ ਪੱਧਰ ਉਤੇ ਮੰਗ ਕੀਤੀ ਜਾ ਰਹੀ ਹੈ। ਉਥੇ ਹੀ ਅੱਜ ਮੁਲਜ਼ਮ ਹਰਮਿੰਦਰ ਸਿੰਘ ਰਿੰਪੀ ਨੂੰ ਸਿਵਲ ਹਸਪਤਾਲ ਤੋਂ ਛੁੱਟੀ ਦੇ ਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਪੁਲਿਸ ਨੇ ਉਸ ਦਾ ਰਿਮਾਂਡ ਹਾਸਲ ਕੀਤਾ। ਇਸ ਦੌਰਾਨ, ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ, ਏਡੀਸੀਪੀ ਆਕ੍ਰਿਸ਼ੀ ਜੈਨ ਅਤੇ ਡੀਸੀਪੀ ਨਰੇਸ਼ ਡੋਗਰਾ ਦੇ ਨਾਲ ਪੀੜਤਾ ਦੇ ਘਰ ਗਏ ਅਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ।
ਮੁਲਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ
ਸੀਪੀ ਧਨਪ੍ਰੀਤ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਜਾਂਚ ਪੂਰੀ ਇਮਾਨਦਾਰੀ ਨਾਲ ਕੀਤੀ ਜਾਵੇਗੀ ਅਤੇ ਕਿਸੇ ਵੀ ਮੁਲਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਮਾਮਲੇ ਵਿੱਚ ਸ਼ਾਮਲ ਲਾਪਰਵਾਹੀ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪਰਿਵਾਰ ਨੇ ਏਐਸਆਈ ਮੰਗਤ ਰਾਮ ਸਮੇਤ ਕਈ ਪੁਲਿਸ ਅਧਿਕਾਰੀਆਂ ਵਿਰੁੱਧ ਗੰਭੀਰ ਦੋਸ਼ ਲਗਾਏ। ਪੀੜਤਾ ਦੇ ਪਰਿਵਾਰ ਦਾ ਦੋਸ਼ ਹੈ ਕਿ ਏਐਸਆਈ ਇੱਕ ਘੰਟੇ ਤੱਕ ਘਰ ਵਿੱਚ ਬੈਠਾ ਰਿਹਾ, ਚਾਹ ਪੀਂਦਾ ਰਿਹਾ ਅਤੇ ਫਿਰ ਬਾਹਰ ਆ ਗਿਆ, ਜਿਸ ਨੇ ਦਾਅਵਾ ਕੀਤਾ ਸੀ ਕਿ ਲੜਕੀ ਘਰ ਵਿੱਚ ਨਹੀਂ ਸੀ ਜਦਕਿ ਸੀਸੀਟੀਵੀ ਫੁਟੇਜ ਵਿੱਚ ਖੁਲਾਸਾ ਹੋਇਆ ਸੀ ਕਿ ਲੜਕੀ ਘਰ ਵਿੱਚ ਦਾਖਲ ਹੁੰਦੀ ਹੈ ਪਰ ਬਾਹਰ ਨਹੀਂ ਆਉਂਦੀ। ਇਸ ਤੋਂ ਬਾਅਦ ਲੜਕੀ ਦੀ ਲਾਸ਼ ਬਾਥਰੁਮ ਵਿਚੋਂ ਬਰਾਮਦ ਕੀਤੀ ਜਾਂਦੀ ਹੈ। ਪਰਿਵਾਰ ਨੇ ਏਐਸਆਈ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਫਾਸਟ-ਟਰੈਕ ਅਦਾਲਤ ਵਿੱਚ ਮੁਕੱਦਮਾ ਚਲਾਉਣ ਦਾ ਭਰੋਸਾ
ਇਸ ਦੌਰਾਨ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧੀ ਜੈ ਇੰਦਰ ਕੌਰ ਨੇ ਵੀ ਪੀੜਤ ਪਰਿਵਾਰ ਨਾਲ ਮਿਲ ਕੇ ਦੁੱਖ ਸਾਂਝਾ ਕੀਤਾ। ਪਰਿਵਾਰ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਫਾਸਟ-ਟਰੈਕ ਅਦਾਲਤ ਵਿੱਚ ਮੁਕੱਦਮਾ ਚਲਾਉਣ ਦਾ ਭਰੋਸਾ ਦਿੱਤਾ ਹੈ।
ਦੋਸ਼ੀ ਨੂੰ ਫਾਂਸੀ ਦਿੱਤੀ ਜਾਣੀ ਚਾਹੀਦੀ ਹੈ
ਮ੍ਰਿਤਕਾ ਦੇ ਮਾਮੇ ਨੇ ਦੱਸਿਆ ਕਿ ਘਟਨਾ ਵਾਲੀ ਰਾਤ ਚਾਰ ਤੋਂ ਪੰਜ ਪੁਲਸ ਮੁਲਾਜ਼ਮ ਘਰ ਪਹੁੰਚੇ। ਕੁਝ ਨੇ ਸਹਿਯੋਗ ਕੀਤਾ, ਜਦੋਂ ਕਿ ਇੱਕ ਨੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ। ਪਰਿਵਾਰ ਮੰਗ ਕਰਦਾ ਹੈ ਕਿ ਦੋਸ਼ੀ ਨੂੰ ਫਾਂਸੀ ਦਿੱਤੀ ਜਾਵੇ। ਪਰਿਵਾਰ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਪੁਲਿਸ ਸਹਿਯੋਗ ਨਹੀਂ ਕਰਦੀ ਹੈ, ਤਾਂ ਉਹ ਸਾਰਾ ਮਾਮਲਾ ਮੀਡੀਆ ਸਾਹਮਣੇ ਜਨਤਕ ਕਰਨਗੇ।