ਖਬਰਿਸਤਾਨ ਨੈੱਟਵਰਕ- ਅੰਮ੍ਰਿਤਸਰ ਵਿਚ ਰੂਹ ਕੰਬਾਊ ਵਾਰਦਾਤ ਸਾਹਮਣੇ ਆਈ ਹੈ, ਜਿਥੇ ਕਿ ਇਕ ਜੀਜੇ ਦੇ ਨਾਜਾਇਜ਼ ਸੰਬੰਧਾਂ ਨੇ ਸਾਲੇ ਦੀ ਜਾਨ ਲੈ ਲਈ। ਜਾਣਕਾਰੀ ਅਨੁਸਾਰ ਚੱਕੀ ਵਾਲੀ ਗਲੀ ਨੰਬਰ-2 ਵਿੱਚ ਉਸ ਸਮੇਂ ਹੜਕੰਪ ਮਚ ਗਿਆ, ਜਦੋਂ 22 ਸਾਲਾ ਨੌਜਵਾਨ ਅਜੇਪਾਲ ਨੂੰ ਤਿੰਨ ਅਣਪਛਾਤੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਵੱਢ ਕੇ ਮੌਤ ਦੇ ਘਾਟ ਉਤਾਰ ਦਿੱਤਾ।
ਪਰਿਵਾਰਕ ਮੈਂਬਰਾਂ ਨੇ ਲਾਏ ਦੋਸ਼
ਮ੍ਰਿਤਕ ਦੇ ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਅਜੇਪਾਲ ਨੂੰ ਆਪਣੇ ਜੀਜੇ ਦੇ ਨਾਜਾਇਜ਼ ਰਿਸ਼ਤਿਆਂ ਦਾ ਵਿਰੋਧ ਕਰਨ ਦੀ ਕੀਮਤ ਆਪਣੀ ਜਾਨ ਦੇ ਕੇ ਚੁਕਾਉਣੀ ਪਈ। ਪਰਿਵਾਰ ਮੁਤਾਬਕ ਮ੍ਰਿਤਕ ਦਾ ਜੀਜਾ ਹੈਪੀ ਮਸੀਹ ਦਾ ਇੱਕ ਔਰਤ ਨਾਲ ਕਥਿਤ ਤੌਰ ‘ਤੇ ਨਾਜਾਇਜ਼ ਸਬੰਧ ਸੀ, ਜਿਸ ਕਾਰਨ ਘਰ ਵਿੱਚ ਲਗਾਤਾਰ ਤਣਾਅ ਬਣਿਆ ਹੋਇਆ ਸੀ ਤੇ ਲੜਾਈ ਝਗੜਾ ਰਹਿੰਦਾ ਸੀ। ਅਜੇਪਾਲ ਬੀਤੇ ਦਿਨ ਤੋਂ ਹੀ ਮਾਮਲੇ ਨੂੰ ਸੁਲਝਾਉਣ ਲਈ ਯਤਨ ਕਰ ਰਿਹਾ ਸੀ। ਵੀਰਵਾਰ ਸ਼ਾਮ ਨੂੰ ਉਹ ਆਪਣੀ ਮਾਂ ਅਤੇ ਭੈਣ ਨੂੰ ਨਾਲ ਲੈ ਕੇ ਉਕਤ ਔਰਤ ਦੇ ਘਰ ਗਿਆ ਸੀ ਤਾਂ ਜੋ ਮਾਮਲੇ ਨੂੰ ਸ਼ਾਂਤੀ ਨਾਲ ਹੱਲ ਕੀਤਾ ਜਾ ਸਕੇ।
ਖੂਨੀ ਵਾਰਦਾਤ
ਪਰਿਵਾਰ ਨੇ ਦੱਸਿਆ ਕਿ ਜਦੋਂ ਉਹ ਉਕਤ ਔਰਤ ਦੇ ਘਰ ਗਏ ਤਾਂ ਉੱਥੇ ਰਹਿਣ ਵਾਲੇ ਇੱਕ ਨਿਹੰਗ ਦੇ ਭੇਸ ਵਿਚ ਤੇ ਦੋ ਹੋਰ ਵਿਅਕਤੀਆਂ ਨੂੰ ਬੁਲਾ ਲਿਆ। ਇਹਨਾਂ ਤਿੰਨਾਂ ਵਿਅਕਤੀਆਂ ਨੇ ਅਜੇਪਾਲ ਅਤੇ ਉਸਦੇ ਪਰਿਵਾਰ ਨੂੰ ਧਮਕਾਇਆ। ਜਦੋਂ ਮਾਹੌਲ ਤਣਾਅਪੂਰਨ ਹੋਇਆ, ਤਾਂ ਹਮਲਾਵਰਾਂ ਨੇ ਅਚਾਨਕ ਤੇਜ਼ਧਾਰ ਹਥਿਆਰ ਕੱਢ ਲਏ ਤੇ ਉਸ਼ ਦੇ ਪੁੱਤ ਨੂੰ ਦੌੜਾ ਦੌੜਾ ਕੇ ਮੌਤ ਦੇ ਘਾਟ ਉਤਾਰ ਦਿੱਤਾ।
ਮ੍ਰਿਤਕ ਦੀ ਭੈਣ ਮੁਸਕਾਨ ਨੇ ਰੋਂਦਿਆਂ ਹੋਇਆ ਦੱਸਿਆ ਕਿ ਮੇਰਾ ਭਰਾ ਤਾਂ ਸਿਰਫ਼ ਘਰ ਦੀ ਇੱਜ਼ਤ ਬਚਾਉਣ ਗਿਆ ਸੀ। ਉਹ ਕੰਮ ਤੋਂ ਆ ਕੇ ਥੱਕਿਆ ਹੋਇਆ ਸੀ। ਨਿਹੰਗ ਦੇ ਭੇਸ ਵਿਚ ਵਿਅਕਤੀਆਂ ਨੇ ਪਹਿਲਾਂ ਮੇਰੀ ਮਾਂ ਅਤੇ ਮੇਰੇ ਨਾਲ ਹੱਥੋਪਾਈ ਕੀਤੀ ਅਤੇ ਫਿਰ ਸਾਡੇ ਸਾਹਮਣੇ ਮੇਰੇ ਭਰਾ ਦਾ ਪਿੱਛਾ ਕਰਕੇ ਉਸ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ।