ਕੇਂਦਰ ਸਰਕਾਰ ਦੇ ਨਿਰਦੇਸ਼ਾਂ ’ਤੇ ਪੰਜਾਬ ਰਾਜ ਭਵਨ ਦਾ ਨਾਮ ਬਦਲ ਕੇ ਪੰਜਾਬ ਲੋਕ ਭਵਨ ਰੱਖ ਦਿੱਤਾ ਗਿਆ ਹੈ। ਅੱਜ ਪੰਜਾਬ ਦੇ ਰਾਜਪਾਲ ਵੱਲੋਂ ਪ੍ਰਵਾਨਗੀ ਦੇਣ ਤੋਂ ਬਾਅਦ ਰਾਜ ਭਵਨ ਦਾ ਨਾਮ ਬਦਲਣ ਲਈ ਰਾਜਪਾਲ ਦੇ ਪ੍ਰਮੁੱਖ ਸਕੱਤਰ ਨੇ ਆਦੇਸ਼ ਵੀ ਜਾਰੀ ਕਰ ਦਿੱਤੇ ਹਨ। ਹੁਣ ਚੰਡੀਗੜ੍ਹ ਸਥਿਤ ਪੰਜਾਬ ਰਾਜ ਭਵਨ ਨੂੰ ਪੰਜਾਬ ਲੋਕ ਭਵਨ ਦੇ ਨਾਮ ਨਾਲ ਹੀ ਜਾਣਿਆ ਜਾਵੇੇਗਾ। ਰਾਜਪਾਲ ਦੀ ਮਨਜ਼ੂਰੀ ਦੇ ਬਾਅਦ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ।

ਰਾਜਪਾਲ ਦੀ ਮਨਜ਼ੂਰੀ ਤੋਂ ਬਾਅਦ ਪੰਜਾਬ ਰਾਜ ਭਵਨ ਦੇ ਅਧਿਕਾਰਤ ਵਟਸਐਪ ਗਰੁੱਪ ਦਾ ਨਾਮ ਵੀ ਬਦਲ ਕੇ ਪੰਜਾਬ ਲੋਕ ਭਵਨ ਕਰ ਦਿੱਤਾ ਗਿਆ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ 25 ਨਵੰਬਰ ਨੂੰ ਨਿਰਦੇਸ਼ ਜਾਰੀ ਕੀਤੇ ਸਨ ਕਿ ਦੇਸ਼ ਦੇ ਸਾਰੇ ਰਾਜ ਭਵਨਾ ਦਾ ਨਾਮ ਬਦਲ ਕੇ ਲੋਕ ਭਵਨ ਰੱਖਿਆ ਜਾਵੇ। ਦੂਜੇ ਪਾਸੇ ਚੰਡੀਗੜ੍ਹ ਸਥਿਤ ਹਰਿਆਣਾ ਰਾਜ ਭਵਨ ਦਾ ਨਾਮ ਬਦਲ ਕੇ ਵੀ ਹਰਿਆਣਾ ਲੋਕ ਭਵਨ ਕਰ ਦਿੱਤਾ ਗਿਆ ਹੈ।