ਖਬਰਿਸਤਾਨ ਨੈੱਟਵਰਕ- ਪੰਜਾਬ ਦੇ ਸਿਆਸੀ ਗਲਿਆਰੇ ਵਿਚ ਸੋਗ ਦੀ ਲਹਿਰ ਫੈਲ ਗਈ। ਦੱਸ ਦੇਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਮਾਸਟਰ ਤਾਰਾ ਸਿੰਘ ਲਾਡਲ ਜੀ ਦਾ ਦਿਹਾਂਤ ਹੋ ਗਿਆ। ਇਸ ਸਬੰਧੀ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ ਲੀਡਰ ਡਾ. ਦਲਜੀਤ ਸਿੰਘ ਚੀਮਾ ਵੱਲੋਂ ਸਾਂਝੀ ਕੀਤੀ ਗਈ ਹੈ। ਉਨ੍ਹਾਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, ਬਹੁਤ ਹੀ ਦੁੱਖ ਦੀ ਗੱਲ ਹੈ ਕਿ ਰੋਪੜ ਤੋਂ ਸਾਡੇ ਸੀਨੀਅਰ ਸਾਥੀ, ਸਾਬਕਾ ਮੰਤਰੀ ਮਾਸਟਰ ਤਾਰਾ ਸਿੰਘ ਲਾਡਲ ਜੀ ਅਕਾਲ ਚਲਾਣਾ ਕਰ ਗਏ ਹਨ, ਪਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਦੁਪਹਿਰ 1 ਵਜੇ ਪਿੰਡ ਲਾਡਲ ਜ਼ਿਲ੍ਹਾ ਰੋਪੜ ਵਿਖੇ ਹੋਵੇਗਾ।
ਸ਼੍ਰੋਮਣੀ ਅਕਾਲੀ ਦਲ ਹਲਕਾ ਰੋਪੜ ਵੱਲੋਂ ਜਿਹੜੀਆਂ ਮੀਟਿੰਗਾਂ ਅੱਜ 12 ਅਤੇ 3 ਵਜੇ ਰੱਖੀਆਂ ਗਈਆਂ ਸੀ, ਲਾਡਲ ਸਾਹਿਬ ਦੇ ਵਿਛੋੜੇ ਕਰਕੇ ਹੁਣ ਇਹ ਮੀਟਿੰਗ 7 ਦਸੰਬਰ 2025 ਦਿਨ ਐਤਵਾਰ ਲਈ ਮੁਲਤਵੀ ਕਰ ਦਿੱਤੀਆਂ ਗਈਆਂ ਹਨ।
ਲੰਬੇ ਸਮੇਂ ਤੋਂ ਸਨ ਬੀਮਾਰ
ਸਾਬਕਾ ਵਿਧਾਇਕ ਅਤੇ 1997 ਦੀ ਅਕਾਲੀ–ਭਾਜਪਾ ਸਰਕਾਰ ਵਿੱਚ ਸਿੱਖਿਆ ਰਾਜ ਮੰਤਰੀ ਮਾਸਟਰ ਤਾਰਾ ਸਿੰਘ ਲਾਡਲ ਲੰਬੇ ਸਮੇਂ ਤੋਂ ਬੀਮਾਰ ਸਨ। ਸ਼੍ਰੋਮਣੀ ਅਕਾਲੀ ਦਲ ਦੇ ਰੂਪਨਗਰ ਜ਼ਿਲ੍ਹਾ ਪ੍ਰਧਾਨ ਵਜੋਂ ਵੀ ਉਨ੍ਹਾਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਦਾ ਅੰਤਿਮ ਸਸਕਾਰ ਜੱਦੀ ਪਿੰਡ ਲਾਡਲ, ਜ਼ਿਲ੍ਹਾ ਰੂਪਨਗਰ ਵਿੱਚ ਕੀਤਾ ਜਾਵੇਗਾ, ਜਿੱਥੇ ਪੰਥਕ ਅਤੇ ਰਾਜਨੀਤਿਕ ਆਗੂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਨ ਪਹੁੰਚਣਗੇ। ਮਾਸਟਰ ਤਾਰਾ ਸਿੰਘ ਲਾਡਲ ਮਰਹੂਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਰੀਬੀ ਸਾਥੀਆਂ ਵਿੱਚੋਂ ਸਨ।