ਖਬਰਿਸਤਾਨ ਨੈੱਟਵਰਕ– ਹੁਸ਼ਿਆਰਪੁਰ ਵਿਚ ਮਾਹਿਲਪੁਰ ਦੇ ਸਭ ਤੋਂ ਜ਼ਿਆਦਾ ਭੀੜ ਵਾਲੇ ਫਗਵਾੜਾ ਰੋਡ ‘ਤੇ ਸਥਿਤ ਸਬਜ਼ੀ ਮੰਡੀ ਨੇੜੇ ਮਨੀ ਚੇਂਜਰ ਦੀ ਦੁਕਾਨ ‘ਚ ਨਕਾਬਪੋਸ਼ ਬਦਮਾਸ਼ਾਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ, ਜਿਥੇ ਮੰਗਲਵਾਰ ਸ਼ਾਮ ਕਰੀਬ 7 ਵਜੇ ਦੋ ਨਕਾਬਪੋਸ਼ ਲੁਟੇਰੇ ਦੁਕਾਨ ਅੰਦਰ ਦਾਖ਼ਲ ਹੋਏ ਅਤੇ ਸਿਰਫ਼ 52 ਸਕਿੰਟਾਂ ਵਿੱਚ 4.50 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ।
ਬੇਖੌਫ ਲੁਟੇਰਿਆਂ ਵਿਚ ਪੁਲਸ ਦਾ ਡਰ ਖਤਮ
ਮੌਕੇ ‘ਤੇ ਮੌਜੂਦ ਲੋਕਾਂ ਨੇ ਕਿਹਾ ਕਿ ਪੰਜਾਬ ‘ਚ ਕਾਨੂੰਨ ਅਤੇ ਪੁਲਿਸ ਦਾ ਡਰ ਖਤਮ ਹੋ ਗਿਆ ਹੈ। ਖੁੱਲ੍ਹੇਆਮ ਦੁਕਾਨਾਂ ਲੁੱਟੀਆਂ ਜਾ ਰਹੀਆਂ ਹਨ ਅਤੇ ਲੁਟੇਰੇ ਮੋਟਰਸਾਈਕਲਾਂ ‘ਤੇ ਹਥਿਆਰ ਲੈ ਕੇ ਘੁੰਮ ਰਹੇ ਹਨ। ਜਾਣਕਾਰੀ ਮੁਤਾਬਕ ਦੋਵੇਂ ਲੁਟੇਰੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ ਸਨ। ਇੱਕ ਬਦਮਾਸ਼ ਨੇ ਬਾਹਰ ਮੋਟਰਸਾਈਕਲ ਸਟਾਰਟ ਹਾਲਤ ਵਿੱਚ ਰੱਖੀ, ਜਦਕਿ ਦੂਜਾ ਦੁਕਾਨ ਅੰਦਰ ਦਾਖ਼ਲ ਹੋ ਗਿਆ। ਕੁਝ ਪਲਾਂ ਬਾਅਦ ਬਾਹਰ ਖੜ੍ਹਾ ਬਦਮਾਸ਼ ਵੀ ਅੰਦਰ ਆ ਗਿਆ ਅਤੇ ਦੋਹਾਂ ਨੇ ਮਿਲ ਕੇ ਦੁਕਾਨਦਾਰ ਨੂੰ ਕਾਊਂਟਰ ਕੋਲ ਫੜ ਲਿਆ।
ਘਟਨਾ ਦੀ CCTV ਆਈ ਸਾਹਮਣੇ
ਸੀਸੀਟੀਵੀ ਫੁਟੇਜ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਬਦਮਾਸ਼ਾਂ ਨੇ ਦੁਕਾਨਦਾਰ ਦੇ ਗਲੇ ‘ਤੇ ਨੁਕੀਲੀ ਵਸਤੂ ਰੱਖ ਕੇ ਧਮਕਾਇਆ ਅਤੇ ਕਾਊਂਟਰ ‘ਚ ਪਈ ਨਕਦੀ ਲੈ ਕੇ ਫਰਾਰ ਹੋ ਗਏ। ਵਿਰੋਧ ਕਰਨ ‘ਤੇ ਦੁਕਾਨਦਾਰ ਨੂੰ ਕੁਰਸੀ ਤੋਂ ਧੱਕ ਕੇ ਹੇਠਾਂ ਸੁੱਟ ਦਿੱਤਾ ਗਿਆ। ਇਸ ਤੋਂ ਬਾਅਦ ਦੋਵੇਂ ਬਦਮਾਸ਼ ਨਕਦੀ ਲੈ ਕੇ ਮੌਕੇ ਤੋਂ ਫਰਾਰ ਹੋ ਗਏ।
ਪੁਲਸ ਕਰ ਰਹੀ ਜਾਂਚ
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮੁਖੀ ਮੌਕੇ ‘ਤੇ ਪਹੁੰਚੇ ਅਤੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਫੁਟੇਜ ਦੇ ਆਧਾਰ ‘ਤੇ ਬਦਮਾਸ਼ਾਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।
ਦਿਨ ਦਿਹਾੜੇ ਅਤੇ ਭੀੜਭਾੜ ਵਾਲੇ ਇਲਾਕੇ ‘ਚ ਹੋਈ ਇਸ ਵਾਰਦਾਤ ਨਾਲ ਦੁਕਾਨਦਾਰਾਂ ‘ਚ ਦਹਿਸ਼ਤ ਦਾ ਮਾਹੌਲ ਹੈ। ਲੋਕਾਂ ਨੇ ਪੁਲਿਸ ਤੋਂ ਗਸ਼ਤ ਵਧਾਉਣ ਅਤੇ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਈ ਜਾ ਸਕੇ।



