ਮਸ਼ਹੂਰ ਬਾਲੀਵੁੱਡ ਗਾਇਕ ਮਾਸਟਰ ਸਲੀਮ ਦੇ ਪਿਤਾ ਉਸਤਾਦ ਪੂਰਨ ਸ਼ਾਹਕੋਟੀ ਨੂੰ ਉਨ੍ਹਾਂ ਦੇ ਘਰ ਦੇ ਨੇੜੇ ਹੀ ਸਪੁਰਦ-ਏ-ਖਾਕ ਕੀਤਾ ਗਿਆ। ਇਸ ਦੌਰਾਨ ਕਈ ਮਸ਼ਹੂਰ ਹਸਤੀਆਂ ਮਾਸਟਰ ਸਲੀਮ ਦੇ ਘਰ ਪੁੱਜੇ। ਉਨ੍ਹਾਂ ਦੀ ਆਖਰੀ ਇੱਛਾ ਅਨੁਸਾਰ, ਉਸਤਾਦ ਸ਼ਾਹਕੋਟੀ ਨੂੰ ਦਿਓਲ ਨਗਰ ਸਥਿਤ ਉਨ੍ਹਾਂ ਦੇ ਘਰ ਨੇੜੇ ਅੰਤਿਮ ਵਿਦਾਇਗੀ ਦਿੱਤੀ ਗਈ । ਉਨ੍ਹਾਂ ਦੀ ਆਖਰੀ ਇੱਛਾ ਸੀ ਕਿ ਉਨ੍ਹਾਂ ਦੀ ਦੇਹ ਨੂੰ ਸ਼ਮਸ਼ਾਨਘਾਟ ਨਾ ਲਿਜਾਇਆ ਜਾਵੇ।
ਸੰਗੀਤਕ ਜਗਤ ਵਿੱਚੋਂ ਕਲੇਰ ਕੰਠ, ਜੀ ਖਾਨ, ਰਾਏ ਜੁਝਾਰ, ਨਵਰਾਜ ਹੰਸ, ਜਸਵਿੰਦਰ ਦਿਆਲਪੁਰੀ ਅਤੇ ਗੁਰਲੇਜ਼ ਅਖਤਰ ਉਨ੍ਹਾਂ ਨੂੰ ਅੰਤਿਮ ਸ਼ਰਧਾਂਜਲੀ ਦੇਣ ਲਈ ਪਹੁੰਚੇ ਹਨ। ਉੱਥੇ ਹੀ ਮੰਤਰੀ ਮਹਿੰਦਰ ਭਗਤ ਨੇ ਕਿਹਾ ਕਿ ਪੂਰਨ ਸ਼ਾਹਕੋਟੀ ਦਾ ਦੇਹਾਂਤ ਪੰਜਾਬ ਅਤੇ ਦੇਸ਼ ਲਈ ਬਹੁਤ ਵੱਡਾ ਦੁੱਖ ਹੈ। ਉਸਤਾਦ ਸ਼ਾਹਕੋਟੀ ਨੇ ਸੰਗੀਤ ਰਾਹੀਂ ਪੰਜਾਬ ਨੂੰ ਦੁਨੀਆ ਭਰ ਵਿੱਚ ਪ੍ਰਸਿੱਧੀ ਦਿਵਾਈ। ਉਨ੍ਹਾਂ ਨੇ ਇੱਕ ਉਸਤਾਦ ਵਜੋਂ ਸ਼ਾਨਦਾਰ ਸੇਵਾਵਾਂ ਦਿੱਤੀਆਂ ਅਤੇ ਬਹੁਤ ਸਾਰੇ ਨੌਜਵਾਨਾਂ ਨੂੰ ਇੰਡਸਟਰੀ ਨਾਲ ਜੋੜਿਆ, ਜਿਨ੍ਹਾਂ ਵਿੱਚ ਹੰਸਰਾਜ ਹੰਸ ਵੀ ਸ਼ਾਮਲ ਹੈ, ਜੋ ਦੁਨੀਆ ਭਰ ਵਿੱਚ ਮਸ਼ਹੂਰ ਹੈ। ਇਹ ਕਦੇ ਨ ਔਰ ਹੋਣ ਵਾਲਾਂ ਘਾਟਾ ਹੈ।
ਗਾਇਕ ਸਲੀਮ ਨੇ ਮੀਡੀਆ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਿਤਾ ਦੇ ਅੰਤਿਮ ਸੰਸਕਾਰ ਅਤੇ ਦਫ਼ਨਾਉਣ ਦੀ ਵੀਡੀਓਗ੍ਰਾਫੀ ਨਾ ਕਰਨ। ਇਸ ਤੋਂ ਬਾਅਦ, ਮੀਡੀਆ ਨੂੰ ਬਾਹਰ ਰਹਿਣ ਲਈ ਕਿਹਾ ਗਿਆ ਹੈ। ਉਸਤਾਦ ਸ਼ਾਹਕੋਟੀ ਦਾ ਕੱਲ੍ਹ, ਸੋਮਵਾਰ ਨੂੰ 72 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਹ ਲੰਬੇ ਸਮੇਂ ਤੋਂ ਬਿਮਾਰ ਸਨ। ਦੱਸ ਦੇਈਏ ਕਿ ਉਹ ਸੂਫ਼ੀ ਗਾਇਕੀ ਵਿਚ ਇਕ ਵੱਡੇ ਤਾਰੇ ਵਾਂਗ ਚਮਕੇ। ਸਾਬਰ ਕੋਟੀ, ਹੰਸ ਰਾਜ ਹੰਸ ਤੇ ਮਾਸਟਰ ਸਲੀਮ ਤੇ ਕਈ ਨਾਮੀ ਹਸਤੀਆਂ ਦੇ ਉਸਤਾਦ ਰਹਿ ਚੁੱਕੇ ਹਨ।