ਖਬਰਿਸਤਾਨ ਨੈੱਟਵਰਕ- ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਸ਼ਹੀਦੀ ਜੋੜ ਮੇਲ ਨੂੰ ਲੈ ਕੇ ਉੱਤਰੀ ਰੇਲਵੇ ਨੇ ਵੱਡਾ ਫੈਸਲਾ ਲੈਂਦਿਆਂ 25 ਤੋਂ 27 ਦਸੰਬਰ ਤੱਕ ਤਿੰਨ ਦਿਨਾਂ ਲਈ ਸਰਹਿੰਦ ਸਟੇਸ਼ਨ ‘ਤੇ 2 ਮਿੰਟ ਲਈ 14 ਐਕਸਪ੍ਰੈਸ ਰੇਲਗੱਡੀਆਂ ਦਾ ਅਸਥਾਈ ਸਟਾਪੇਜ ਦਿੱਤਾ ਹੈ। ਇਹ ਫੈਸਲੇ ਸੰਗਤਾਂ ਦੀ ਸਹੂਲਤ ਦੇ ਮੱਦੇਨਜ਼ਰ ਲਿਆ ਗਿਆ ਹੈ।
ਵੱਡੀ ਗਿਣਤੀ ਵਿਚ ਸੰਗਤ ਹੁੰਦੀ ਹੈ ਨਤਮਸਤਕ
ਰੇਲਵੇ ਨੇ ਇਹ ਫੈਸਲਾ ਸੰਗਤਾਂ ਦੀ ਵੱਡੀ ਗਿਣਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਹੈ। ਰੇਲਵੇ ਵੱਲੋਂ ਸਰਹਿੰਦ ਰੇਲਵੇ ਸਟੇਸ਼ਨ ’ਤੇ ਆਮ ਦਿਨਾਂ ਵਿੱਚ ਨਾ ਰੁਕਣ ਵਾਲੀਆਂ 14 ਮੇਲ/ਐਕਸਪ੍ਰੈਸ ਰੇਲਗੱਡੀਆਂ ਨੂੰ ਅਸਥਾਈ ਤੌਰ ’ਤੇ ਰੋਕਣ ਦਾ ਫੈਸਲਾ ਕੀਤਾ ਗਿਆ ਹੈ। ਉੱਤਰੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਹਿਮਾਂਸ਼ੂ ਸ਼ੇਖਰ ਉਪਾਧਿਆਏ ਨੇ ਦੱਸਿਆ ਕਿ ਸ਼ਹੀਦੀ ਜੋੜ ਮੇਲ ਦੌਰਾਨ ਦੇਸ਼ ਅਤੇ ਵਿਦੇਸ਼ਾਂ ਤੋਂ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਫਤਿਹਗੜ੍ਹ ਸਾਹਿਬ ਪਹੁੰਚਦੇ ਹਨ। ਇਸ ਨੂੰ ਦੇਖਦੇ ਹੋਏ ਯਾਤਰੀਆਂ ਦੀ ਸੁਵਿਧਾ ਲਈ 25 ਤੋਂ 27 ਦਸੰਬਰ ਤੱਕ ਇਨ੍ਹਾਂ ਰੇਲਗੱਡੀਆਂ ਨੂੰ ਸਰਹਿੰਦ ਸਟੇਸ਼ਨ ’ਤੇ ਦੋ ਮਿੰਟ ਦਾ ਅਸਥਾਈ ਠਹਿਰਾਉ ਦਿੱਤਾ ਜਾਵੇਗਾ, ਤਾਂ ਜੋ ਸ਼ਰਧਾਲੂ ਆਸਾਨੀ ਨਾਲ ਚੜ੍ਹ ਅਤੇ ਉਤਰ ਸਕਣ।
ਰੇਲਵੇ ਸਟੇਸ਼ਨ ਤੋਂ ਫ੍ਰੀ ਸ਼ਟਲ ਬੱਸ ਦੀ ਸਹੂਲਤ
ਪੰਜਾਬ ਸਰਕਾਰ ਵੱਲੋਂ ਸਰਹਿੰਦ ਰੇਲਵੇ ਸਟੇਸ਼ਨ ਤੋਂ ਸ੍ਰੀ ਫਤਿਹਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਤੱਕ ਸ਼ਟਲ ਬੱਸ ਸੇਵਾ ਦਾ ਵੀ ਪ੍ਰਬੰਧ ਕੀਤਾ ਗਿਆ ਹੈ, ਤਾਂ ਜੋ ਰੇਲਗੱਡੀਆਂ ਰਾਹੀਂ ਪਹੁੰਚਣ ਵਾਲੀਆਂ ਸੰਗਤਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਆਵੇ।
ਇਨ੍ਹਾਂ 14 ਰੇਲਗੱਡੀਆਂ ਦਾ ਹੋਵੇਗਾ ਸਟਾਪੇਜ
25 ਤੋਂ 27 ਦਸੰਬਰ ਤੱਕ ਸਰਹਿੰਦ ਸਟੇਸ਼ਨ ’ਤੇ ਦੋ ਮਿੰਟ ਲਈ ਰੁਕਣ ਵਾਲੀਆਂ ਰੇਲਗੱਡੀਆਂ ਵਿੱਚ ਵਾਰਾਣਸੀ–ਜੰਮੂ ਤਵੀ ਐਕਸਪ੍ਰੈਸ (12237), ਦੁਰਗ–ਸ਼ਹੀਦ ਕੈਪਟਨ ਤੁਸ਼ਾਰ ਮਹਾਜਨ ਐਕਸਪ੍ਰੈਸ (20847), ਸਿਆਲਦਾਹ–ਅੰਮ੍ਰਿਤਸਰ ਐਕਸਪ੍ਰੈਸ (12379), ਨਿਊ ਜਲਪਾਈਗੁੜੀ–ਅੰਮ੍ਰਿਤਸਰ ਐਕਸਪ੍ਰੈਸ (12407), ਨਿਊ ਤਿਨਸੁਕੀਆ–ਅੰਮ੍ਰਿਤਸਰ ਐਕਸਪ੍ਰੈਸ (15933), ਵਿਸ਼ਾਖਾਪਟਨਮ–ਅੰਮ੍ਰਿਤਸਰ ਐਕਸਪ੍ਰੈਸ (20807) ਅਤੇ ਬਾਂਦਰਾ ਟਰਮੀਨਸ–ਅੰਮ੍ਰਿਤਸਰ ਐਕਸਪ੍ਰੈਸ (12903) ਸ਼ਾਮਲ ਹਨ।
ਇਸ ਤੋਂ ਇਲਾਵਾ ਅੰਮ੍ਰਿਤਸਰ–ਕੋਲਕਾਤਾ ਟਰਮੀਨਲ ਐਕਸਪ੍ਰੈਸ (12358), ਜੰਮੂ ਤਵੀ–ਦੁਰਗ ਐਕਸਪ੍ਰੈਸ (12550), ਅੰਮ੍ਰਿਤਸਰ–ਨਿਊ ਜਲਪਾਈਗੁੜੀ ਐਕਸਪ੍ਰੈਸ (12408), ਅੰਮ੍ਰਿਤਸਰ–ਟਾਟਾਨਗਰ ਐਕਸਪ੍ਰੈਸ (18104), ਅੰਮ੍ਰਿਤਸਰ–ਨਵੀਂ ਦਿੱਲੀ ਐਕਸਪ੍ਰੈਸ (12498), ਜੰਮੂ ਤਵੀ–ਵਾਰਾਣਸੀ ਐਕਸਪ੍ਰੈਸ (12238) ਅਤੇ ਅੰਮ੍ਰਿਤਸਰ–ਮੁੰਬਈ ਸੈਂਟਰਲ ਐਕਸਪ੍ਰੈਸ (12904) ਨੂੰ ਵੀ ਸਰਹਿੰਦ ਰੇਲਵੇ ਸਟੇਸ਼ਨ ’ਤੇ ਅਸਥਾਈ ਤੌਰ ’ਤੇ ਦੋ ਮਿੰਟ ਲਈ ਰੁਕਣਾ ਪਵੇਗਾ।