ਜਲੰਧਰ ਦੇ ਬੱਸ ਸਟੈਂਡ ’ਤੇ ਦੇਰ ਰਾਤ ਉਸ ਸਮੇਂ ਹੰਗਾਮਾ ਖੜ੍ਹਾ ਹੋ ਗਿਆ, ਜਦੋਂ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਇੱਕ ਏਐਸਆਈ ਦੀ ਹਾਲਤ ਵੇਖ ਕੇ ਉੱਥੇ ਮੌਜੂਦ ਲੋਕਾਂ ਨੇ ਉਸਦੀ ਵੀਡੀਓ ਬਣਾ ਲਈ। ਵੀਡੀਓ ਵਿੱਚ ਏਐਸਆਈ ਲੜਖੜਾਉਂਦਾ ਹੋਇਆ ਤੁਰਦਾ ਅਤੇ ਫਿਰ ਜ਼ਮੀਨ ’ਤੇ ਡਿੱਗਦਾ ਨਜ਼ਰ ਆ ਰਿਹਾ ਹੈ।
ਚਸ਼ਮਦੀਦਾਂ ਦੇ ਮੁਤਾਬਕ, ਜਦੋਂ ਲੋਕਾਂ ਨੇ ਏਐਸਆਈ ਨੂੰ ਨਸ਼ੇ ਵਿੱਚ ਹੋਣ ਬਾਰੇ ਪੁੱਛਿਆ ਤਾਂ ਉਸਨੇ ਕਿਹਾ ਕਿ ਉਸਨੇ ਸਿਰਫ “ਆਧਾ ਪੈਗ” ਹੀ ਪੀਤਾ ਹੈ। ਨਸ਼ੇ ਦੀ ਹਾਲਤ ਵਿੱਚ ਏਐਸਆਈ ਕਰੀਬ 20 ਮਿੰਟ ਤੱਕ ਬੱਸ ਸਟੈਂਡ ਦੀ ਪਾਰਕਿੰਗ ਏਰੀਆ ਵਿੱਚ ਫੁੱਟਪਾਥ ’ਤੇ ਬੈਠ ਕੇ ਬੱਸ ਦੀ ਉਡੀਕ ਕਰਦਾ ਰਿਹਾ।
ਇਸ ਦੌਰਾਨ ਕਿਸੇ ਨੇ ਉਸਨੂੰ ਦੱਸਿਆ ਕਿ ਬੱਸ ਨਹੀਂ ਆਵੇਗੀ, ਪਰ ਆਪਣੀ ਗਲਤੀ ਮੰਨਣ ਦੀ ਬਜਾਏ ਉਸਨੇ ਬੱਸ ਦੇ ਦੇਰ ਨਾਲ ਆਉਣ ਦੀ ਗੱਲ ਕਹਿ ਕੇ ਗਾਲੀ-ਗਲੌਚ ਕਰਨੀ ਸ਼ੁਰੂ ਕਰ ਦਿੱਤੀ। ਉੱਥੇ ਮੌਜੂਦ ਲੋਕਾਂ ਨੇ ਪੂਰੀ ਘਟਨਾ ਦੀ ਵੀਡੀਓ ਬਣਾ ਲਈ, ਜੋ ਬਾਅਦ ਵਿੱਚ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ।
ਮਿਲੀ ਜਾਣਕਾਰੀ ਅਨੁਸਾਰ, ਨਸ਼ੇ ਵਿੱਚ ਧੁੱਤ ਏਐਸਆਈ ਦੀ ਪਛਾਣ ਪੀਏਪੀ ਟ੍ਰੇਨਿੰਗ ਸੈਂਟਰ ਵਿੱਚ ਤੈਨਾਤ ਹਰਪਿੰਦਰ ਸਿੰਘ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਕਪੂਰਥਲਾ ਜਾਣ ਲਈ ਬੱਸ ਸਟੈਂਡ ਪਹੁੰਚਿਆ ਸੀ, ਪਰ ਵੱਧ ਸ਼ਰਾਬ ਪੀਣ ਕਾਰਨ ਉੱਥੇ ਹੀ ਪਾਰਕਿੰਗ ਏਰੀਆ ਵਿੱਚ ਫੁੱਟਪਾਥ ’ਤੇ ਬੈਠ ਗਿਆ ਅਤੇ ਕੁਝ ਦੇਰ ਬਾਅਦ ਉੱਥੇ ਹੀ ਲੇਟ ਗਿਆ। ਹਾਲਾਂਕਿ ਇਸ ਵਾਇਰਲ ਵੀਡੀਓ ਦੀ ਖ਼ਬਰਿਸਤਾਨ ਨਿਊਜ਼ ਨੈਟਵਰਕ ਪੁਸ਼ਟੀ ਨਹੀਂ ਕਰਦਾ।