ਪੰਜਾਬ ਦੇ ਰਿਟਾਇਰਡ ਇੰਸਪੈਕਟਰ ਜਨਰਲ (IG) ਅਮਰ ਸਿੰਘ ਚਾਹਲ ਨਾਲ ਹੋਈ ਕਰੋੜਾਂ ਰੁਪਏ ਦੀ ਸਾਇਬਰ ਠੱਗੀ ਦੇ ਮਾਮਲੇ ਵਿੱਚ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਹੁਣ ਤੱਕ ਪੁਲਿਸ ਵੱਲੋਂ ਕਰੀਬ 25 ਬੈਂਕ ਖਾਤਿਆਂ ਨੂੰ ਫ੍ਰੀਜ਼ ਕਰ ਦਿੱਤਾ ਗਿਆ ਹੈ ਅਤੇ 8.10 ਕਰੋੜ ਰੁਪਏ ਵਿੱਚੋਂ ਲਗਭਗ 3 ਕਰੋੜ ਰੁਪਏ ਦੇ ਲੈਣ-ਦੇਣ ਨੂੰ ਰੋਕਿਆ ਜਾ ਚੁੱਕਾ ਹੈ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਠੱਗੀ ਨੈੱਟਵਰਕ ਦੇ ਸਬੰਧ ਮਹਾਰਾਸ਼ਟਰ ਨਾਲ ਜੁੜੇ ਹੋਏ ਹਨ।
ਪੁਲਿਸ ਅਧਿਕਾਰੀਆਂ ਅਨੁਸਾਰ, ਮਾਮਲੇ ਵਿੱਚ ਸ਼ਾਮਲ ਦੋਸ਼ੀਆਂ ਦੀ ਪਛਾਣ ਕਰ ਲਈ ਗਈ ਹੈ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਇੱਕ ਉੱਚ-ਪੱਧਰੀ ਜਾਂਚ ਟੀਮ ਤਕਨੀਕੀ ਸਬੂਤਾਂ ਅਤੇ ਬੈਂਕਿੰਗ ਟ੍ਰੇਲ ਦੇ ਆਧਾਰ ’ਤੇ ਲਗਾਤਾਰ ਕਾਰਵਾਈ ਕਰ ਰਹੀ ਹੈ।
ਜਾਂਚ ਏਜੰਸੀਆਂ ਨੇ ਮਹਾਰਾਸ਼ਟਰ ਨਾਲ ਸੰਬੰਧਿਤ ਤਿੰਨ ਮੁੱਖ ਦੋਸ਼ੀਆਂ ਦੀ ਪਛਾਣ ਕੀਤੀ ਹੈ। ਪੁਲਿਸ ਮੁਤਾਬਕ, ਠੱਗਾਂ ਨੇ ਅਮਰ ਸਿੰਘ ਚਾਹਲ ਦੇ ਖਾਤੇ ਤੋਂ ਰਕਮ ਕੱਢ ਕੇ ਕਈ ਵੱਖ-ਵੱਖ ਖਾਤਿਆਂ ਵਿੱਚ ਟ੍ਰਾਂਸਫ਼ਰ ਕੀਤੀ, ਤਾਂ ਜੋ ਪੈਸਿਆਂ ਦੀ ਲੜੀ ਨੂੰ ਟ੍ਰੇਸ ਕਰਨਾ ਮੁਸ਼ਕਲ ਬਣਾਇਆ ਜਾ ਸਕੇ।
ਬੈਂਕਿੰਗ ਲੈਣ-ਦੇਣ ਅਤੇ ਤਕਨੀਕੀ ਜਾਂਚ ਤੋਂ ਬਾਅਦ ਪਟਿਆਲਾ ਪੁਲਿਸ ਨੇ ਸੰਬੰਧਤ ਬੈਂਕਾਂ ਨਾਲ ਸਾਂਝ ਬਣਾਕੇ ਖਾਤਿਆਂ ਨੂੰ ਫ੍ਰੀਜ਼ ਕਰਵਾਇਆ, ਜਿਸ ਨਾਲ ਵੱਡੀ ਮਾਤਰਾ ਵਿੱਚ ਰਕਮ ਨੂੰ ਬਚਾਇਆ ਜਾ ਸਕਿਆ।
ਇਸ ਮਾਮਲੇ ਦੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ 22 ਦਸੰਬਰ ਨੂੰ ਠੱਗੀ ਦਾ ਪਤਾ ਲੱਗਣ ਤੋਂ ਬਾਅਦ ਅਮਰ ਸਿੰਘ ਚਾਹਲ ਨੇ ਖੁਦ ਨੂੰ ਗੋਲੀ ਮਾਰ ਲਈ ਸੀ। ਘਟਨਾ ਤੋਂ ਬਾਅਦ ਉਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਹੁਣ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।