ਖਬਰਿਸਤਾਨ ਨੈੱਟਵਰਕ- ਪੰਜਾਬੀ ਸੰਗੀਤ ਜਗਤ ਦੇ ਉੱਘੇ ਗੀਤਕਾਰ ਤੇ ਗਾਇਕ ਉਸਤਾਦ ਪੂਰਨ ਸ਼ਾਹ ਕੋਟੀ ਨਮਿਤ ਭੋਗ 30 ਦਸੰਬਰ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਵਿਖੇ ਪਵੇਗਾ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੀਰਤਨ ਹੋਵੇਗਾ। ਦੁਪਹਿਰ 1 ਤੋਂ 2 ਵਜੇ ਤੱਕ ਭੋਗ ਸਮਾਗਮ ਦਾ ਸਮਾਂ ਰੱਖਿਆ ਗਿਆ। ਕੀਰਤਨ ਤੋਂ ਬਾਅਦ ਅੰਤਿਮ ਅਰਦਾਸ ਹੋਵੇਗੀ।
22 ਦਸੰਬਰ ਨੂੰ ਦੁਨੀਆ ਨੂੰ ਆਖ ਗਏ ਅਲਵਿਦਾ
ਉਸਤਾਦ ਪੂਰਨ ਸ਼ਾਹ ਕੋਟੀ ਜੀ ਦਾ ਦਿਹਾਂਤ 22 ਦਸੰਬਰ ਨੂੰ ਜਲੰਧਰ ਵਿਚ ਹੋਇਆ ਸੀ। ਉਹ ਲਗਭਗ 73 ਸਾਲਾਂ ਦੇ ਸਨ। ਉਨ੍ਹਾਂ ਦੀ ਆਖਰੀ ਇੱਛਾ ਮੁਤਾਬਕ ਸਪੁਰਦ ਏ ਖਾਕ ਉਨ੍ਹਾਂ ਦੇ ਘਰ ਨੇੜੇ ਦਿਓਲ ਨਗਰ ਵਿਚ ਹੀ ਕੀਤਾ ਗਿਆ। ਇਸ ਦੌਰਾਨ ਪੰਜਾਬੀ ਮਿਊਜ਼ਿਕ ਇੰਡਸਟਰੀ ਅਤੇ ਸਿਆਸਤ ਨਾਲ ਜੁੜੀਆਂ ਕਈ ਵੱਡੀ ਹਸਤੀਆਂ ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣ ਪੁੱਜੀਆਂ ਸਨ।
ਅੰਤਿਮ ਸ਼ਰਧਾਂਜਲੀ ਦੇਣ ਪੁੱਜਣਗੀਆਂ ਦਿੱਗਜ ਹਸਤੀਆਂ
ਅੰਤਿਮ ਅਰਦਾਸ ਵਿਚ ਸ਼ਾਮਲ ਹੋਣ ਲਈ ਪੰਜਾਬੀ ਗਾਇਕਾਂ, ਐਕਟਰਾਂ ਸਮੇਤ ਹੋਰ ਹਸਤੀਆਂ ਪੁੱਜਣਗੀਆਂ, ਜੋ ਉਨ੍ਹਾਂ ਦੇ ਪੁੱਤਰ ਮਾਸਟਰ ਸਲੀਮ ਤੇ ਪੇਜੀ ਸ਼ਾਹਕੋਟੀ ਨਾਲ ਦੁੱਖ ਸਾਂਝਾ ਕਰਨਗੇ।
ਸਾਲ 2025 ਪੰਜਾਬੀ ਇੰਡਸਟਰੀ ਲਈ ਬਹੁਤ ਮਾੜਾ ਰਿਹਾ
ਦੱਸ ਦੇਈਏ ਕਿ ਸਾਲ 2025 ਪੰਜਾਬੀ ਇੰਡਸਟਰੀ ਲਈ ਬਹੁਤ ਮਾੜਾ ਰਿਹਾ। ਇਸ ਸਾਲ ਨੇ ਕਈ ਦਿੱਗਜ ਕਲਾਕਾਰਾਂ ਨੂੰ ਸਾਡੇ ਤੋਂ ਖੋਹ ਲਿਆ, ਜਿਨ੍ਹਾਂ ਵਿਚ ਹਾਸਿਆਂ ਦੇ ਬਾਦਸ਼ਾਹ ਜਸਵਿੰਦਰ ਭੱਲਾ, ਨੌਜਵਾਨ ਦਿਲਾਂ ਦੀ ਧੜਕਨ, ਰਾਜਵੀਰ ਜਵੰਦਾ, ਮਿਊਜ਼ਿਕ ਇੰਡਸਟਰੀ ਦਾ ਧੜਕਦਾ ਦਿਲ, ਜਿਨ੍ਹਾਂ ਦੇ ਸੁਰ ਸਦੀਵੀ ਜਿਉਂਦੇ ਰਹਿਣਗੇ, ਜਨਾਬ ਚਰਨਜੀਤ ਅਹੁਜਾ ਸਾਬ, ਸੁਰਾਂ ਦੇ ਬਾਦਸ਼ਾਹ ਉਸਤਾਦ ਪੂਰਨ ਸ਼ਾਹ ਕੋਟੀ, ਜਿਨ੍ਹਾਂ ਨੇ ਅਨੇਕਾਂ ਗਾਇਕਾਂ ਨੂੰ ਸੰਗੀਤ ਦੀਆਂ ਬਰੀਕੀਆਂ ਸਿਖਾ ਕੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਫਨਕਾਰ ਦਿੱਤੇ। ਪੰਜਾਬ ਦਾ ਮਸ਼ਹੂਰ ਗੀਤਕਾਰ, ਨਿੰਮਾ ਲੁਹਾਰਕਾ, ਜਿਸ ਦੇ ਲਿਖੇ ਗੀਤ ਅੱਜ ਵੀ ਲੋਕਾਂ ਵਿਚ ਫੇਮਸ ਹਨ। ਮਿਸ ਪੂਜਾ ਨਾਲ ‘ਪੇਪਰ ਜਾਂ ਪਿਆਰ ਗੀਤ’ ਤੋਂ ਚਰਚਾ ਵਿੱਚ ਆਏ ਪੰਜਾਬੀ ਗਾਇਕ ਹਰਮਨ ਸਿੱਧੂ ਦੀ ਵੀ ਇਸੇ ਸਾਲ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ। ਪੰਜਾਬੀ ਫਿਲਮ ਉਦਯੋਗ ਵਿੱਚ ਬਤੌਰ ਅਦਾਕਾਰ ਅਤੇ ਨਿਰਦੇਸ਼ਕ ਰਹੇ ਮਨੀ ਕੁਲਾਰ ਦੀ ਮੌਤ ਨੇ ਵੀ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ। ਇਸ ਤੋਂ ਇਲਾਵਾ ਬਾਡੀ ਬਿਲਡਿੰਗ ਦੀ ਦੁਨੀਆ ਵਿਚ ਜਲੰਧਰ ਤੇ ਪੰਜਾਬ ਦਾ ਨਾਂ ਚਮਕਾਉਣ ਵਾਲੇ ਵੈਜੀਟੇਰੀਅਨ ਬਾਡੀ ਬਿਲਡਰ ਵਰਿੰਦਰ ਸਿੰਘ ਘੁੰਮਣ ਤੇ ਬਜ਼ੁਰਗ ਮੈਰਾਥਨ ਦੌੜਾਕ ਫੌਜਾ ਸਿੰਘ ਵੀ ਇਸੇ ਵਰ੍ਹੇ ਦੁਨੀਆ ਨੂੰ ਅਲਵਿਦਾ ਆਖ ਗਏ। ਬਾਲੀਵੁੱਡ ਦੇ ਹੀ-ਮੈਨ ਦੇ ਤੌਰ ਉਤੇ ਜਾਣੇ ਜਾਂਦੇ ਪੰਜਾਬ ਦੇ ਪੁੱਤਰ ਧਰਮਿੰਦਰ ਸਿੰਘ ਦਿਓਲ ਵੀ ਇਸੇ ਸਾਲ ਦੁਨੀਆ ਤੋਂ ਚਲੇ ਗਏ।