ਸੀਟੀ ਗਰੁੱਪ ਆਫ਼ ਇੰਸਟੀਟਿਊਸ਼ਨਜ਼ ਵੱਲੋਂ ਆਪਣੇ ਸ਼ਾਹਪੁਰ (ਸਾਊਥ ਕੈਂਪਸ) ਅਤੇ ਮਕਸੂਦਾਂ (ਨੌਰਥ ਕੈਂਪਸ) ਵਿੱਚ ਸਾਬਕਾ ਵਿਦਿਆਰਥੀ ਮਿਲਣ 2025 ਦਾ ਸਫ਼ਲ ਆਯੋਜਨ ਕੀਤਾ ਗਿਆ। ਇਸ ਮੌਕੇ ਪੁਰਾਤਨ ਵਿਦਿਆਰਥੀਆਂ ਅਤੇ ਸੰਸਥਾ ਦੇ ਨੇਤ੍ਰਿਤਵ ਨੇ ਇਕੱਠੇ ਹੋ ਕੇ ਆਪਣੀ ਸਾਂਝੀ ਸਿੱਖਿਆ ਯਾਤਰਾ, ਆਪਣੀਆਂ ਪੇਸ਼ਾਵਰ ਉਪਲਬਧੀਆਂ ਅਤੇ ਸੰਸਥਾ ਨਾਲ ਜੁੜੀਆਂ ਪੁਰਾਣੀਆਂ ਯਾਦਾਂ ਤਾਜ਼ਾ ਕੀਤੀਆਂ।
ਸ਼ਾਹਪੁਰ ਕੈਂਪਸ (ਸਾਊਥ ਕੈਂਪਸ) ਵਿੱਚ ਐਲੁਮਨੀ ਮਿਲਣ ਵਰਚੁਅਲ ਮਾਧਿਅਮ ਰਾਹੀਂ ਕਰਵਾਇਆ ਗਿਆ, ਜਿਸ ਵਿੱਚ 700 ਤੋਂ ਵੱਧ ਸਾਬਕਾ ਵਿਦਿਆਰਥੀਆਂ ਨੇ ਭਾਗ ਲਿਆ। ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਜ਼ਾਂਬੀਆ, ਜਾਪਾਨ, ਚੀਨ ਅਤੇ ਭਾਰਤ ਦੇ ਦਿੱਲੀ, ਬੈਂਗਲੁਰੂ, ਅਹਿਮਦਾਬਾਦ, ਮੁੰਬਈ ਤੇ ਕੋਲਕਾਤਾ ਵਰਗੇ ਸ਼ਹਿਰਾਂ ਤੋਂ ਜੁੜੇ ਸਾਬਕਾ ਵਿਦਿਆਰਥੀ ਕਾਨੂੰਨ, ਤਕਨਾਲੋਜੀ, ਬੈਂਕਿੰਗ, ਫਾਰਮੇਸੀ, ਸਿੱਖਿਆ ਅਤੇ ਕਨਸਲਟੈਂਸੀ ਸਮੇਤ ਕਈ ਖੇਤਰਾਂ ਵਿੱਚ ਉੱਚ ਪੱਧਰ ਤੇ ਕੰਮ ਕਰ ਰਹੇ ਹਨ। ਇਸ ਮੌਕੇ ਉਨ੍ਹਾਂ ਨੇ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਸੰਸਥਾ ਪ੍ਰਤੀ ਆਪਣੀ ਕਦਰਦਾਨੀ ਜਤਾਈ।
ਮਕਸੂਦਾਂ ਕੈਂਪਸ (ਨੌਰਥ ਕੈਂਪਸ) ਵਿੱਚ ਰੂਬਰੂ ਐਲੁਮਨੀ ਮਿਲਣ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ, ਜਿਸ ਵਿੱਚ ਦੇਸ਼ ਭਰ ਤੋਂ 300 ਤੋਂ ਵੱਧ ਪੁਰਾਤਨ ਵਿਦਿਆਰਥੀਆਂ ਨੇ ਹਾਜ਼ਰੀ ਭਰੀ। ਇਹ ਮਿਲਣ ਨੈੱਟਵਰਕਿੰਗ, ਮਾਰਗਦਰਸ਼ਨ ਅਤੇ ਪੇਸ਼ਾਵਰ ਵਿਚਾਰ-ਵਟਾਂਦਰੇ ਲਈ ਇੱਕ ਸਰਗਰਮ ਮੰਚ ਬਣਿਆ, ਜਿੱਥੇ ਐਲੁਮਨੀ ਨੇ ਆਪਣੀਆਂ ਕਰੀਅਰ ਯਾਤਰਾਵਾਂ ਅਤੇ ਸਫ਼ਲਤਾ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ।
ਨੌਰਥ ਕੈਂਪਸ ਦੇ ਐਲੁਮਨੀ ਮਿਲਣ ਵਿੱਚ 2006 ਬੈਚ ਦੀ ਸ਼ਮੂਲੀਅਤ ਨੇ ਸਮਾਗਮ ਨੂੰ ਖ਼ਾਸ ਬਣਾਇਆ। ਇਸ ਦੌਰਾਨ ਪੁਰਾਤਨ ਵਿਦਿਆਰਥੀਆਂ ਨੇ ਆਪਣੇ ਵਿਦਿਆਰਥੀ ਜੀਵਨ ਦੀਆਂ ਯਾਦਾਂ ਤਾਜ਼ਾ ਕੀਤੀਆਂ ਅਤੇ ਸੰਸਥਾ ਦੇ ਜੀਵਨ ਭਰ ਦੇ ਪ੍ਰਭਾਵ ਬਾਰੇ ਦੱਸਿਆ ।
ਇਸ ਸਮਾਗਮ ਵਿੱਚ ਆਏ ਸਾਬਕਾ ਵਿਦਿਆਰਥੀਆਂ ਨੂੰ ਸੰਬੋਧਨ ਕਰਨ ਲਈ ਸੀਟੀ ਗਰੁੱਪ ਪ੍ਰਬੰਧਨ ਦੀ ਵਿਸ਼ੇਸ਼ ਹਾਜ਼ਰੀ ਰਹੀ, ਜਿਸ ਵਿੱਚ ਚੇਅਰਮੈਨ ਐਸ. ਚਰਨਜੀਤ ਸਿੰਘ ਚੰਨੀ, ਮੈਨੇਜਿੰਗ ਡਾਇਰੈਕਟਰ ਡਾ. ਮਨਬੀਰ ਸਿੰਘ, ਵਾਈਸ-ਚੇਅਰਮੈਨ ਹਰਪ੍ਰੀਤ ਸਿੰਘ, ਐਗਜ਼ਿਕਿਊਟਿਵ ਡਾਇਰੈਕਟਰ ਡਾ. ਨਿਤਿਨ ਟੰਡਨ ਅਤੇ ਕੈਂਪਸ ਡਾਇਰੈਕਟਰ ਡਾ. ਸ਼ਿਵ ਕੁਮਾਰ ਅਤੇ ਡਾ. ਅਨੁਰਾਗ ਸ਼ਰਮਾ ਸ਼ਾਮਲ ਰਹੇ। ਇਹ ਹਾਜ਼ਰੀ ਸਾਬਕਾ ਵਿਦਿਆਰਥੀਆਂ ਨਾਲ ਮਜ਼ਬੂਤ ਸੰਬੰਧਾਂ ਪ੍ਰਤੀ ਸੰਸਥਾ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।
ਦੋਵੇਂ ਕੈਂਪਸਾਂ ਵਿੱਚ ਸੰਸਥਾ ਦੇ ਨੇਤ੍ਰਤਵ ਨਾਲ ਵਿਸ਼ੇਸ਼ ਸੰਵਾਦ ਸੈਸ਼ਨ ਵੀ ਕਰਵਾਏ ਗਏ, ਜਿੱਥੇ ਐਲੁਮਨੀ ਨੇ ਮੌਜੂਦਾ ਵਿਦਿਆਰਥੀਆਂ ਦਾ ਮਾਰਗਦਰਸ਼ਨ ਕੀਤਾ ਅਤੇ ਸੰਸਥਾ ਨੂੰ ਆਪਣੇ ਕਰੀਅਰ ਦੀ ਮਜ਼ਬੂਤ ਬੁਨਿਆਦ ਦੱਸਿਆ।
ਚੇਅਰਮੈਨ ਐਸ. ਚਰਨਜੀਤ ਸਿੰਘ ਚੰਨੀ ਨੇ ਐਲੁਮਨੀ ਦੀਆਂ ਉਪਲਬਧੀਆਂ ’ਤੇ ਮਾਣ ਜਤਾਉਂਦਿਆਂ ਕਿਹਾ ਕਿ ਇਹ ਸਫ਼ਲਤਾ ਸੰਸਥਾ ਦੇ ਦਰਸ਼ਨ, ਮੁੱਲਾਂ ਅਤੇ ਉਤਕ੍ਰਿਸ਼ਟਤਾ ਪ੍ਰਤੀ ਵਚਨਬੱਧਤਾ ਦੀ ਝਲਕ ਹੈ। ਮੈਨੇਜਿੰਗ ਡਾਇਰੈਕਟਰ ਡਾ. ਮਨਬੀਰ ਸਿੰਘ ਨੇ ਐਲੁਮਨੀ ਨਾਲ ਲਗਾਤਾਰ ਸੰਪਰਕ ਬਣਾਈ ਰੱਖਣ ਦੀ ਲੋੜ ਉਤੇ ਜ਼ੋਰ ਦਿੱਤਾ ਅਤੇ ਉਨ੍ਹਾਂ ਨੂੰ ਸੰਸਥਾ ਦੇ ਮਾਰਗਦਰਸ਼ਕ ਅਤੇ ਦੂਤ ਵਜੋਂ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ।
ਐਗਜ਼ਿਕਿਊਟਿਵ ਡਾਇਰੈਕਟਰ ਡਾ. ਨਿਤਿਨ ਟੰਡਨ ਨੇ ਐਲੁਮਨੀ ਦੇ ਵੱਖ-ਵੱਖ ਕਰੀਅਰ ਰਾਹਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਤਰੱਕੀ ਨਵੀਂ ਪੀੜ੍ਹੀ ਲਈ ਪ੍ਰੇਰਣਾ ਹੈ। ਕੈਂਪਸ ਡਾਇਰੈਕਟਰ ਡਾ. ਸ਼ਿਵ ਕੁਮਾਰ ਅਤੇ ਡਾ. ਅਨੁਰਾਗ ਸ਼ਰਮਾ ਨੇ ਐਲੁਮਨੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਮਿਲਣ ਸੰਸਥਾ ਨਾਲ ਜੀਵਨ ਭਰ ਦੇ ਨਾਤਿਆਂ ਨੂੰ ਹੋਰ ਮਜ਼ਬੂਤ ਕਰਦੇ ਹਨ।