ਪੰਜਾਬ ਦੇ ਮਸ਼ਹੂਰ ਬਾਲੀਵੁੱਡ ਗਾਇਕ ਮਾਸਟਰ ਸਲੀਮ ਦੇ ਪਿਤਾ ਉਸਤਾਦ ਪੂਰਨ ਸ਼ਾਹਕੋਟੀ ਦੀ ਅੰਤਿਮ ਅਰਦਾਸ ਅੱਜ ਜਲੰਧਰ ਦੇ ਮਾਡਲ ਟਾਊਨ ਸਥਿਤ ਗੁਰਦੁਆਰਾ ਸਿੰਘ ਸਭਾ ਵਿਖੇ ਹੋ ਰਹੀ ਹੈ। ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮਵਰ ਕਲਾਕਾਰ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਨ ਪਹੁੰਚ ਰਹੇ ਹਨ।
ਕਲਾਕਾਰਾਂ ਨੇ ਕੀਤਾ ਯਾਦ
ਉਸਤਾਦ ਜੀ ਨੂੰ ਸ਼ਰਧਾਂਜਲੀ ਦੇਣ ਲਈ ਉਨ੍ਹਾਂ ਦੇ ਪੁੱਤਰ ਮਾਸਟਰ ਸਲੀਮ ਤੋਂ ਇਲਾਵਾ ਪਦਮ ਸ਼੍ਰੀ ਹੰਸ ਰਾਜ ਹੰਸ, ਪਦਮ ਸ਼੍ਰੀ ਪੂਰਨ ਚੰਦ ਵਡਾਲੀ ਅਤੇ ਜੈਜ਼ੀ ਬੈਂਸ ਵਰਗੇ ਵੱਡੇ ਕਲਾਕਾਰ ਪਹੁੰਚੇ। ਜੈਜ਼ੀ ਬੈਂਸ ਨੇ ਕਿਹਾ ਕਿ ਉਸਤਾਦ ਪੂਰਨ ਸ਼ਾਹਕੋਟੀ ਦਾ ਨਾਂ ਸੰਗੀਤ ਦੀ ਦੁਨੀਆ ਵਿੱਚ ਹਮੇਸ਼ਾ ਅਮਰ ਰਹੇਗਾ। ਗਾਇਕ ਰਾਏ ਜੁਝਾਰ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਇਹ ਸਮਾਂ ਉਸਤਾਦ ਜੀ ਦਾ ਪਰਿਵਾਰ ਨਾਲ ਸਮਾਂ ਬਿਤਾਉਣ ਦਾ ਸੀ, ਪਰ ਪ੍ਰਮਾਤਮਾ ਦੇ ਭਾਣੇ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ।
ਸੰਗੀਤ ਜਗਤ ਦਾ ਵੱਡਾ ਘਾਟਾ
ਉਸਤਾਦ ਪੂਰਨ ਸ਼ਾਹਕੋਟੀ ਦਾ ਬਿਮਾਰੀ ਕਾਰਨ ਦੇਹਾਂਤ ਹੋ ਗਿਆ ਸੀ। ਉਹ ਪਿਛਲੇ ਕੁਝ ਸਮੇਂ ਤੋਂ ਹਸਪਤਾਲ ਵਿੱਚ ਜ਼ੇਰੇ ਇਲਾਜ ਸਨ। ਉਨ੍ਹਾਂ ਦੇ ਪਿੱਛੇ ਦੋ ਪੁੱਤਰ ਮਾਸਟਰ ਸਲੀਮ ਅਤੇ ਪੇਜੀ ਸ਼ਾਹਕੋਟੀ ਹਨ।
ਗਾਇਕੀ ਦੇ ‘ਗੁਰੂ’ ਸਨ ਸ਼ਾਹਕੋਟੀ
ਪੂਰਨ ਸ਼ਾਹਕੋਟੀ ਜੀ ਸਿਰਫ਼ ਇੱਕ ਗਾਇਕ ਹੀ ਨਹੀਂ ਸਨ, ਸਗੋਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਸੁਪਰਸਟਾਰ ਦਿੱਤੇ ਹਨ। ਹੰਸ ਰਾਜ ਹੰਸ, ਜਸਬੀਰ ਜੱਸੀ ਅਤੇ ਬੱਬੂ ਮਾਨ ਵਰਗੇ ਕਈ ਦਿੱਗਜ ਗਾਇਕਾਂ ਨੇ ਉਨ੍ਹਾਂ ਕੋਲੋਂ ਹੀ ਸੰਗੀਤ ਦੀ ਸਿੱਖਿਆ ਹਾਸਲ ਕੀਤੀ।