ਇੰਡਿਗੀ ਸੰਕਟ ਤੋਂ ਬਾਅਦ DGCA ਵੱਲੋਂ ਸਖਤੀ ਵਰਤੀ ਜਾ ਰਹੀ ਹੈ। DGCA ਵੱਲੋਂ ਏਅਰ ਇੰਡੀਆ ਦੇ ਇੱਕ ਪਾਇਲਟ ਨੂੰ ਤਕਨੀਕੀ ਖ਼ਰਾਬੀ ਵਾਲਾ ਜਹਾਜ਼ ਉਡਾਉਣ ਲਈ ਕਾਰਨ ਦੱਸੋ ਨੋਟਿਸ (Show-cause notice) ਜਾਰੀ ਕੀਤਾ ਗਿਆ ਹੈ।
ਇਹ ਮਾਮਲਾ ਵੀਰਵਾਰ ਨੂੰ ਸਾਹਮਣੇ ਆਇਆ ਹੈ, ਜੋ ਫਲਾਈਟ AI-358 ਅਤੇ AI-357 ਨਾਲ ਸਬੰਧਤ ਹੈ। ਡੀਜੀਸੀਏ (DGCA) ਦੇ ਅਨੁਸਾਰ, ਜਹਾਜ਼ ਵਿੱਚ ਪਹਿਲਾਂ ਤੋਂ ਹੀ ਕਈ ਤਕਨੀਕੀ ਖ਼ਰਾਬੀਆਂ ਦਰਜ ਸਨ, ਪਰ ਇਸ ਦੇ ਬਾਵਜੂਦ ਜਹਾਜ਼ ਨੂੰ ਉਡਾਇਆ ਗਿਆ। ਫਿਲਹਾਲ DGCA ਨੇ ਪਾਇਲਟ ਦੇ ਨਾਮ ਦਾ ਖੁਲਾਸਾ ਨਹੀਂ ਕੀਤਾ ਹੈ। ਫਲਾਈਟ AI-358 ਦੌਰਾਨ ‘ਪੈਕ ਏਸੀਐਮ ਐਲ’ (Left Air Cycle Machine) ਅਤੇ ਪੈਕ ਮੋਡ ਨਾਲ ਸਬੰਧਤ ਚੇਤਾਵਨੀਆਂ ਮਿਲੀਆਂ ਸਨ।
ਨਿਯਮਾਂ ਦੀ ਉਲੰਘਣਾ
ਜਹਾਜ਼ ਦੇ R2 ਦਰਵਾਜ਼ੇ ਕੋਲ ਧੂੰਏਂ ਵਰਗੀ ਗੰਧ ਦੀ ਸ਼ਿਕਾਇਤ ਵੀ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਇਸੇ ਸਿਸਟਮ ਨਾਲ ਸਬੰਧਤ ਖ਼ਰਾਬੀਆਂ ਪਿਛਲੀਆਂ 5 ਉਡਾਣਾਂ ਵਿੱਚ ਵੀ ਦਰਜ ਕੀਤੀਆਂ ਗਈਆਂ ਸਨ, ਫਿਰ ਵੀ ਜਹਾਜ਼ ਨੂੰ ਆਪਰੇਟ ਕੀਤਾ ਗਿਆ। DGCA ਦੀ ਜਾਂਚ ਵਿੱਚ ਪਾਇਆ ਗਿਆ ਕਿ ਜਹਾਜ਼ (VT-ANI) ਨੂੰ ਮਿਨੀਮਮ ਇਕਵਿਪਮੈਂਟ ਲਿਸਟ (MEL) ਦੇ ਨਿਯਮਾਂ ਅਨੁਸਾਰ ਉਡਾਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਸੀ। ‘ਲੋਅਰ ਰਾਈਟ ਰੀਸਰਕੁਲੇਸ਼ਨ ਫੈਨ’ ਨਾਲ ਸਬੰਧਤ ਨਿਯਮਾਂ ਦੀ ਪਾਲਣਾ ਨਾ ਕਰਨਾ ਸਿਵਲ ਐਵੀਏਸ਼ਨ ਰਿਕੁਆਇਰਮੈਂਟ (CAR) ਦੀ ਸਿੱਧੀ ਉਲੰਘਣਾ ਹੈ।
ਸਖ਼ਤ ਕਾਰਵਾਈ ਦੀ ਚੇਤਾਵਨੀ
DGCA ਅਨੁਸਾਰ ਪਾਇਲਟ ਅਤੇ ਕਰੂ ਮੈਂਬਰਾਂ ਨੇ ਤਕਨੀਕੀ ਸਥਿਤੀ ਅਤੇ ਸੁਰੱਖਿਆ ਜੋਖਮ ਦਾ ਸਹੀ ਮੁਲਾਂਕਣ ਨਹੀਂ ਕੀਤਾ। ਪਾਇਲਟ ਨੂੰ ਆਪਣਾ ਪੱਖ ਰੱਖਣ ਲਈ 14 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ। ਜੇਕਰ ਜਵਾਬ ਤਸੱਲੀਬਖਸ਼ ਨਾ ਹੋਇਆ, ਤਾਂ ਪਾਇਲਟ ਦਾ ਲਾਇਸੈਂਸ ਸਸਪੈਂਡ (ਮੁਅੱਤਲ) ਕੀਤਾ ਜਾ ਸਕਦਾ ਹੈ। ਜਵਾਬ ਨਾ ਮਿਲਣ ਦੀ ਸੂਰਤ ਵਿੱਚ DGCA ਇੱਕਤਰਫ਼ਾ ਫੈਸਲਾ ਲੈਣ ਦਾ ਅਧਿਕਾਰ ਰੱਖਦਾ ਹੈ।