ਜਲੰਧਰ ਦੇ ਪ੍ਰਤਾਪ ਬਾਗ ਇਲਾਕੇ ਵਿੱਚ ਸਥਿਤ ਇੱਕ ਸ਼ਰਾਬ ਦੇ ਠੇਕੇ ਵਿੱਚ ਬੀਤੀ ਰਾਤ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਲੱਖਾਂ ਰੁਪਏ ਦਾ ਸਮਾਨ ਸੜ ਕੇ ਸਵਾਹ ਹੋ ਗਿਆ। ਇਹ ਘਟਨਾ ਦੇਰ ਰਾਤ ਕਰੀਬ 3:30 ਵਜੇ ਦੇ ਆਸ-ਪਾਸ ਦੀ ਦੱਸੀ ਜਾ ਰਹੀ ਹੈ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਕੁਝ ਹੀ ਮਿੰਟਾਂ ਵਿੱਚ ਪੂਰੇ ਠੇਕੇ ਨੂੰ ਆਪਣੀ ਚਪੇਟ ਵਿੱਚ ਲੈ ਲਿਆ।
ਲੱਖਾਂ ਦਾ ਸਮਾਨ ਸੜ ਕੇ ਸੁਆਹ
ਸਥਾਨਕ ਲੋਕਾਂ ਨੇ ਠੇਕੇ ਵਿੱਚੋਂ ਧੂੰਆਂ ਨਿਕਲਦਾ ਦੇਖਿਆ, ਜਿਸ ਤੋਂ ਬਾਅਦ ਅੱਗ ਦੀਆਂ ਲਪਟਾਂ ਉੱਠੀਆਂ। ਰਾਤ ਦਾ ਸਮਾਂ ਹੋਣ ਕਾਰਨ ਇਲਾਕੇ ਵਿੱਚ ਆਵਾਜਾਈ ਘੱਟ ਸੀ, ਪਰ ਅੱਗ ਦੀਆਂ ਤੇਜ਼ ਲਪਟਾਂ ਅਤੇ ਧੂੰਏਂ ਦੇ ਗੁਬਾਰ ਨੂੰ ਦੇਖ ਕੇ ਲੋਕਾਂ ਨੇ ਤੁਰੰਤ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ।
ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ। ਠੇਕੇ ਵਿੱਚ ਸ਼ਰਾਬ ਅਤੇ ਹੋਰ ਜਲਣਯੋਗ ਪਦਾਰਥ ਹੋਣ ਕਾਰਨ ਅੱਗ ਵਾਰ-ਵਾਰ ਭੜਕ ਰਹੀ ਸੀ, ਜਿਸ ਨਾਲ ਫਾਇਰ ਬ੍ਰਿਗੇਡ ਕਰਮਚਾਰੀਆਂ ਨੂੰ ਕਾਫ਼ੀ ਮੁਸ਼ੱਕਤ ਕਰਨੀ ਪਈ। ਕਰੀਬ ਇੱਕ ਤੋਂ ਡੇਢ ਘੰਟੇ ਦੀ ਮਿਹਨਤ ਤੋਂ ਬਾਅਦ ਅੱਗ ’ਤੇ ਪੂਰੀ ਤਰ੍ਹਾਂ ਕਾਬੂ ਪਾਇਆ ਜਾ ਸਕਿਆ।
ਇਸ ਹਾਦਸੇ ਵਿੱਚ ਗਨੀਮਤ ਇਹ ਰਹੀ ਕਿ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਮਿਲੀ। ਹਾਲਾਂਕਿ ਅੱਗ ਕਾਰਨ ਠੇਕੇ ਵਿੱਚ ਰੱਖਿਆ ਪੂਰਾ ਸ਼ਰਾਬ ਦਾ ਸਟਾਕ, ਫਰਨੀਚਰ, ਫ੍ਰਿਜ਼ ਅਤੇ ਹੋਰ ਸਮਾਨ ਸੜ ਕੇ ਸੁਆਹ ਹੋ ਗਿਆ,ਲੱਖਾਂ ਰੁਪਏ ਦੇ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ।
ਅੱਗ ਲੱਗਣ ਦੇ ਕਾਰਨਾਂ ਬਾਰੇ ਫਿਲਹਾਲ ਕੋਈ ਸਪੱਸ਼ਟ ਜਾਣਕਾਰੀ ਨਹੀਂ ਮਿਲੀ। ਸ਼ੁਰੂਆਤੀ ਜਾਂਚ ਵਿੱਚ ਸ਼ਾਰਟ ਸਰਕਿਟ ਜਾਂ ਤਕਨੀਕੀ ਖ਼ਰਾਬੀ ਦੀ ਆਸ਼ੰਕਾ ਜਤਾਈ ਜਾ ਰਹੀ ਹੈ। ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ’ਤੇ ਮੌਜੂਦ ਹਨ ਅਤੇ ਮਾਮਲੇ ਦੀ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਅੱਗ ’ਤੇ ਕਾਬੂ ਪਾ ਲਿਆ ਗਿਆ ਹੈ ਅਤੇ ਇਲਾਕੇ ਵਿੱਚ ਸਥਿਤੀ ਸਧਾਰਣ ਦੱਸੀ ਜਾ ਰਹੀ ਹੈ।