ਏਅਰ ਇੰਡੀਆ ਦੀਆਂ ਉਡਾਣਾਂ ਨਾਲ ਜੁੜੇ ਲਗਾਤਾਰ ਸਾਹਮਣੇ ਆ ਰਹੇ ਸੁਰੱਖਿਆ ਮਾਮਲਿਆਂ ਨੇ ਦੇਸ਼ ਅਤੇ ਵਿਦੇਸ਼ ਦੀਆਂ ਹਵਾਬਾਜ਼ੀ ਏਜੰਸੀਆਂ ਦੀ ਚਿੰਤਾ ਵਧਾ ਦਿੱਤੀ ਹੈ। ਤਾਜ਼ਾ ਮਾਮਲਾ ਕੈਨੇਡਾ ਦੇ ਵੈਨਕੂਵਰ ਏਅਰਪੋਰਟ ਤੋਂ ਸਾਹਮਣੇ ਆਇਆ ਹੈ। ਜਿੱਥੇ ਏਅਰ ਇੰਡੀਆ ਦੇ ਇੱਕ ਕੈਪਟਨ ‘ਤੇ ਡਿਊਟੀ ਤੋਂ ਪਹਿਲਾਂ ਸ਼ਰਾਬ ਦੇ ਨਸ਼ੇ ਵਿੱਚ ਹੋਣ ਦੇ ਗੰਭੀਰ ਦੋਸ਼ ਲੱਗੇ ਹਨ।
ਉਡਾਣ ਤੋਂ ਪਹਿਲਾਂ ਕੈਪਟਨ ਨੂੰ ਜਹਾਜ਼ ਤੋਂ ਉਤਾਰਿਆ
23 ਦਸੰਬਰ 2025 ਨੂੰ ਵੈਨਕੂਵਰ ਤੋਂ ਵਿਆਨਾ (ਆਸਟਰੀਆ) ਜਾਣ ਵਾਲੀ ਫਲਾਈਟ AI-186 ਉਸ ਵੇਲੇ ਰੋਕਣੀ ਪਈ, ਜਦੋਂ ਜਹਾਜ਼ ਦੇ ਕੈਪਟਨ ਸੌਰਭ ਕੁਮਾਰ ਡਿਊਟੀ ‘ਤੇ ਨਸ਼ੇ ਦੀ ਹਾਲਤ ਵਿੱਚ ਪਹੁੰਚੇ। ਜਦੋਂ ਅਧਿਕਾਰੀਆਂ ਨੂੰ ਸ਼ੱਕ ਹੋਇਆ ਤਾਂ ਕੈਪਟਨ ਨੂੰ ਜਹਾਜ਼ ਤੋਂ ਉਤਾਰਿਆ ਗਿਆ। ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (RCMP) ਵੱਲੋਂ ਕੀਤੇ ਗਏ ਦੋ ਵੱਖ-ਵੱਖ ਟੈਸਟਾਂ ਵਿੱਚ ਸ਼ਰਾਬ ਦੀ ਪੁਸ਼ਟੀ ਹੋਈ।
‘ਟਰਾਂਸਪੋਰਟ ਕੈਨੇਡਾ’ ਨੇ ਇਸ ਨੂੰ ਕੈਨੇਡੀਅਨ ਐਵੀਏਸ਼ਨ ਰੈਗੂਲੇਸ਼ਨਜ਼ (CARs) ਅਤੇ ਏਅਰ ਇੰਡੀਆ ਦੇ ਅੰਤਰਰਾਸ਼ਟਰੀ ਲਾਇਸੈਂਸ (FAOC) ਦੀਆਂ ਸ਼ਰਤਾਂ ਦੀ ਸਿੱਧੀ ਉਲੰਘਣਾ ਮੰਨਿਆ ਹੈ।
26 ਜਨਵਰੀ ਤਕ ਮੰਗਿਆ ਜਵਾਬ
ਕੈਨੇਡਾ ਦੀ ਹਵਾਬਾਜ਼ੀ ਰੈਗੂਲੇਟਰੀ ਸੰਸਥਾ ਨੇ ਏਅਰ ਇੰਡੀਆ ਦੇ ਪ੍ਰਬੰਧਕਾਂ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ। ਏਅਰਲਾਈਨ ਨੂੰ 26 ਜਨਵਰੀ 2026 ਤੱਕ ਦਾ ਸਮਾਂ ਦਿੱਤਾ ਗਿਆ ਹੈ ਤਾਂ ਜੋ ਉਹ ਇਸ ਗੰਭੀਰ ਲਾਪਰਵਾਹੀ ਬਾਰੇ ਆਪਣੀ ਸਫ਼ਾਈ ਪੇਸ਼ ਕਰ ਸਕੇ ਅਤੇ ਭਵਿੱਖ ਲਈ ਕੀਤੇ ਜਾਣ ਵਾਲੇ ਸੁਧਾਰਾਂ ਦੀ ਰਿਪੋਰਟ ਸੌਂਪੇ।
ਏਅਰ ਇੰਡੀਆ ਲਈ ਮੁਸੀਬਤਾਂ ਦਾ ਦੌਰ
ਇਹ ਮਾਮਲਾ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਭਾਰਤ ਵਿੱਚ ਵੀ ਡੀ.ਜੀ.ਸੀ.ਏ. (DGCA) ਪਹਿਲਾਂ ਹੀ ਏਅਰ ਇੰਡੀਆ ਦੀਆਂ ਕੁਝ ਹੋਰ ਉਡਾਣਾਂ ਵਿੱਚ ਤਕਨੀਕੀ ਖਾਮੀਆਂ ਅਤੇ ਕਰੂ ਦੇ ਗਲਤ ਫੈਸਲਿਆਂ ਨੂੰ ਲੈ ਕੇ ਸਖ਼ਤ ਕਾਰਵਾਈ ਕਰ ਰਹੀ ਹੈ। ਪਾਇਲਟਾਂ ਦੀ ਅਜਿਹੀ ਲਾਪਰਵਾਹੀ ਨਾ ਸਿਰਫ਼ ਯਾਤਰੀਆਂ ਦੀ ਜਾਨ ਨੂੰ ਖ਼ਤਰੇ ਵਿੱਚ ਪਾਉਂਦੀ ਹੈ, ਸਗੋਂ ਕੌਮਾਂਤਰੀ ਪੱਧਰ ‘ਤੇ ਦੇਸ਼ ਦਾ ਅਕਸ ਵੀ ਖ਼ਰਾਬ ਕਰਦੀ ਹੈ।