ਨੇਪਾਲ ਦੇ ਝਾਪਾ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਰਾਤ ਇੱਕ ਵੱਡਾ ਹਵਾਈ ਹਾਦਸਾ ਹੋਣ ਤੋਂ ਟਲ ਗਿਆ। ਕਾਠਮੰਡੂ ਤੋਂ ਭਦਰਪੁਰ ਆ ਰਹੀ ਬੁੱਧ ਏਅਰ ਦੀ ਇੱਕ ਯਾਤਰੀ ਉਡਾਣ ਲੈਂਡਿੰਗ ਦੌਰਾਨ ਰਨਵੇ ਤੋਂ ਫਿਸਲ ਗਈ। ਜਹਾਜ਼ ਰਨਵੇ ਦੀ ਹੱਦ ਪਾਰ ਕਰਦਾ ਹੋਇਆ ਲਗਭਗ 200 ਮੀਟਰ ਦੂਰ ਘਾਹ ਅਤੇ ਝਾੜੀਆਂ ਵਾਲੇ ਇਲਾਕੇ ਵਿੱਚ ਜਾ ਰੁਕਿਆ। ਜਹਾਜ਼ ਵਿੱਚ ਮੌਜੂਦ ਸਾਰੇ 55 ਲੋਕ, ਜਿਨ੍ਹਾਂ ਵਿੱਚ 51 ਯਾਤਰੀ ਅਤੇ 4 ਕਰੂ ਮੈਂਬਰ ਸ਼ਾਮਲ ਸਨ, ਸੁਰੱਖਿਅਤ ਬਚ ਗਏ।
ਕਾਠਮੰਡੂ ਪੋਸਟ ਦੇ ਅਨੁਸਾਰ, ਬੁੱਧ ਏਅਰ ਦੀ ਫਲਾਈਟ ਨੰਬਰ 901 ਨੇ ਕਾਠਮੰਡੂ ਤੋਂ ਸਥਾਨਕ ਸਮੇਂ ਅਨੁਸਾਰ ਰਾਤ 8:23 ਵਜੇ ਉਡਾਣ ਭਰੀ ਸੀ। ਜਹਾਜ਼ ਨੂੰ ਕੈਪਟਨ ਸ਼ੈਲੇਸ਼ ਲਿੰਬੂ ਉਡਾ ਰਹੇ ਸਨ। ਜਹਾਜ਼ ਰਾਤ ਕਰੀਬ 9:08 ਵਜੇ ਝਾਪਾ ਦੇ ਭਦਰਪੁਰ ਹਵਾਈ ਅੱਡੇ ‘ਤੇ ਉਤਰਿਆ। ਲੈਂਡਿੰਗ ਦੇ ਦੌਰਾਨ ਜਹਾਜ਼ ਆਪਣਾ ਸੰਤੁਲਨ ਗੁਆ ਬੈਠਾ ਅਤੇ ਰਨਵੇਅ ਨੂੰ ਪਾਰ ਕਰਦੇ ਹੋਏ ਕਿਨਾਰੇ ‘ਤੇ ਸਥਿਤ ਘਾਹ ਦੇ ਮੈਦਾਨ ਵਿੱਚ ਜਾ ਕੇ ਰੁਕ ਗਿਆ।
ਬੁੱਧ ਏਅਰ ਵੱਲੋਂ ਘਟਨਾ ‘ਤੇ ਅਫ਼ਸੋਸ ਜ਼ਾਹਿਰ ਕਰਦਿਆਂ ਕਿਹਾ ਗਿਆ ਹੈ ਕਿ ਸਾਰੇ ਯਾਤਰੀ ਅਤੇ ਕਰੂ ਮੈਂਬਰ ਬਿਲਕੁਲ ਠੀਕ ਹਨ। ਏਅਰਲਾਈਨ ਨੇ ਦੱਸਿਆ ਕਿ ਘਟਨਾ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ। ਕਾਠਮੰਡੂ ਤੋਂ ਮਾਹਿਰਾਂ ਅਤੇ ਇੰਜੀਨੀਅਰਾਂ ਦੀ ਇੱਕ ਵਿਸ਼ੇਸ਼ ਤਕਨੀਕੀ ਟੀਮ ਭਦਰਪੁਰ ਭੇਜੀ ਗਈ ਹੈ। ਇਹ ਟੀਮ ਇਸ ਗੱਲ ਦੀ ਜਾਂਚ ਕਰੇਗੀ ਕਿ ਲੈਂਡਿੰਗ ਸਮੇਂ ਜਹਾਜ਼ ਰਨਵੇ ਤੋਂ ਕਿਉਂ ਫਿਸਲਿਆ।

ਸ਼ੁਰੂਆਤੀ ਜਾਂਚ ਵਿੱਚ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੀ ਇਹ ਘਟਨਾ ਕਿਸੇ ਤਕਨੀਕੀ ਖ਼ਰਾਬੀ ਕਾਰਨ ਵਾਪਰੀ ਜਾਂ ਫਿਰ ਰਨਵੇ ਦੀ ਹਾਲਤ, ਮੌਸਮ ਜਾਂ ਕਿਸੇ ਹੋਰ ਕਾਰਨ ਕਰਕੇ ਜਹਾਜ਼ ਦਾ ਸੰਤੁਲਨ ਵਿਗੜਿਆ। ਫਿਲਹਾਲ ਜਹਾਜ਼ ਨੂੰ ਰਨਵੇ ਦੇ ਨੇੜੇ ਤੋਂ ਹਟਾ ਕੇ ਸੁਰੱਖਿਅਤ ਥਾਂ ‘ਤੇ ਲਿਜਾਣ ਦਾ ਕੰਮ ਜਾਰੀ ਹੈ।