ਪਿਛਲੇ ਕੁਝ ਸਾਲਾਂ ਤੋਂ ਅਕਸਰ ਨੌਜਵਾਨਾਂ ਵਿੱਚ ਦਿਲ ਦੇ ਦੌਰੇ ਅਤੇ ਅਚਾਨਕ ਮੌਤਾਂ ਦੇ ਮਾਮਲੇ ਸਾਹਮਣੇ ਆ ਰਹੇ ਹਨ। ਖ਼ਾਸ ਕਰਕੇ ਕੋਵਿਡ-19 ਮਹਾਮਾਰੀ ਤੋਂ ਬਾਅਦ ਇਹ ਮਾਮਲਾ ਹੋਰ ਵੀ ਵੱਧ ਗਿਆ ਹੈ।
ਇਸ ਦੌਰਾਨ ਕਈ ਲੋਕਾਂ ਨੇ ਇਨ੍ਹਾਂ ਮੌਤਾਂ ਲਈ ਕੋਵਿਡ ਅਤੇ ਕੋਵਿਡ-19 ਵੈਕਸੀਨ ਨੂੰ ਦੋਸ਼ੀ ਠਹਿਰਾਇਆ। ਪਰ ਹੁਣ AIIMS ਦੀ ਤਾਜ਼ਾ ਸਟਡੀ ਨੇ ਇਹ ਗਲਤਫ਼ਹਮੀ ਦੂਰ ਕਰ ਦਿੱਤੀ ਹੈ। AIIMS ਦੀ ਤਾਜ਼ਾ ਸਟਡੀ ਨੇ ਸਾਫ਼ ਕਰ ਦਿੱਤਾ ਹੈ ਕਿ ਨੌਜਵਾਨਾਂ ਵਿੱਚ ਅਚਾਨਕ ਮੌਤਾਂ ਦਾ ਕੋਵਿਡ-19 ਵੈਕਸੀਨ ਨਾਲ ਕੋਈ ਸਿੱਧਾ ਸੰਬੰਧ ਨਹੀਂ ਹੈ।
AIIMS ਮੁਤਾਬਕ ਅਚਾਨਕ ਮੌਤਾਂ ਦੀ ਮੁੱਖ ਵਜ੍ਹਾ ਕੋਰੋਨਰੀ ਆਰਟਰੀ ਡਿਜ਼ੀਜ਼ CAD) ਹੈ। ਇਹ ਦਿਲ ਨਾਲ ਜੁੜੀ ਇੱਕ ਗੰਭੀਰ ਬਿਮਾਰੀ ਹੈ, ਜਿਸ ਵਿੱਚ ਦਿਲ ਤੱਕ ਖੂਨ ਪਹੁੰਚਾਉਣ ਵਾਲੀਆਂ ਧਮਨੀਆਂ ਪਲਾਕ ਜਮਣ ਕਾਰਨ ਪਤਲੀਆਂ ਜਾਂ ਬਲਾਕ ਹੋ ਜਾਂਦੀਆਂ ਹਨ। ਇਸ ਨਾਲ ਦਿਲ ਤੱਕ ਖੂਨ ਦੀ ਪੂਰੀ ਮਾਤਰਾ ਨਹੀਂ ਪਹੁੰਚਦੀ ਅਤੇ ਦਿਲ ਦੇ ਦੌਰੇ ਦਾ ਖ਼ਤਰਾ ਕਾਫ਼ੀ ਵੱਧ ਜਾਂਦਾ ਹੈ।
ਇਹ ਸਟਡੀ ICMR ਦੀ ਜਰਨਲ Indian Journal of Medical Research ਵਿੱਚ 8 ਦਸੰਬਰ 2025 ਚ ਪ੍ਰਕਾਸ਼ਿਤ ਕੀਤੀ ਗਈ ਹੈ। ਰਿਸਰਚ ਮਈ 2023 ਤੋਂ ਅਪ੍ਰੈਲ 2024 ਤੱਕ ਕੀਤੀ ਗਈ। ਅੰਕੜਿਆਂ ਮੁਤਾਬਕ ਇਸ ਸਮੇਂ ਦੌਰਾਨ 2,214 ਮੌਤਾਂ ਦੇ ਮਾਮਲੇ ਆਏ, ਜਿਨ੍ਹਾਂ ਵਿੱਚੋਂ 180 ਅਚਾਨਕ ਮੌਤਾਂ ਸਨ। ਇਨ੍ਹਾਂ ਵਿੱਚ ਵੱਡੀ ਗਿਣਤੀ ਨੌਜਵਾਨਾਂ ਦੀ ਸੀ, ਜਿਨ੍ਹਾਂ ਦੀ ਉਮਰ 18 ਤੋਂ 45 ਸਾਲ ਦਰਮਿਆਨ ਸੀ।
ਡਾਕਟਰਾਂ ਦੇ ਅਨੁਸਾਰ ਤੰਬਾਕੂ, ਗ਼ਲਤ ਖਾਣ-ਪੀਣ, ਡਾਇਬਟੀਜ਼, ਹਾਈ ਬੀਪੀ, ਵਧਿਆ ਕੋਲੇਸਟ੍ਰੋਲ, ਮੋਟਾਪਾ ਅਤੇ ਕਸਰਤ ਦੀ ਘਾਟ ਇਸ ਬਿਮਾਰੀ ਦੇ ਵੱਡੇ ਕਾਰਨ ਹਨ। ਜੇ ਛਾਤੀ ਵਿੱਚ ਦਰਦ, ਸਾਹ ਚੜ੍ਹਨਾ ਜਾਂ ਜਲਦੀ ਥਕਾਵਟ ਵਰਗੇ ਲੱਛਣ ਨਜ਼ਰ ਆਉਣ, ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ। ਸਮੇਂ ਸਿਰ ਜਾਂਚ ਹੀ ਬਚਾਵ ਹੈ।