ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੰਤਰੀ ਤਰੁਣਪ੍ਰੀਤ ਸੌਂਦ, ਭਾਈ ਜੈਤਾ ਜੀ ਦੀਆਂ ਤਸਵੀਰਾਂ ਨਾਲ ਜੁੜੇ ਵਿਵਾਦ ਦੇ ਸਬੰਧ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਏ। ਉੱਥੇ ਹੀ ਅਕਾਲ ਤਖ਼ਤ ਨੇ ਮੁੱਖ ਮੰਤਰੀ ਮਾਨ ਨੂੰ 15 ਜਨਵਰੀ ਨੂੰ ਤਲਬ ਕੀਤਾ ਹੈ, ਜਿਸ ਵਿੱਚ ਉਨ੍ਹਾਂ ਵੱਲੋਂ ਸਿੱਖ ਮਾਣ-ਸਨਮਾਨ, ਗੁਰੂ ਗੋਲਕ ਅਤੇ ਦਸਵੰਧ ਬਾਰੇ ਬਿਆਨ ਦੇਣ ਦੇ ਮਾਮਲੇ ‘ਚ ਤਲਬ ਕੀਤਾ ਗਿਆ ਹੈ।
ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਰਵੱਈਏ ‘ਤੇ ਗੰਭੀਰ ਸਵਾਲ ਚੁੱਕੇ ਹਨ ਅਤੇ ਉਨ੍ਹਾਂ ਤੋਂ ਸਪੱਸ਼ਟੀਕਰਨ ਮੰਗਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵਿਰੁੱਧ ਮਰਿਆਦਾ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਮੰਤਰੀ ਸੌਂਦ ਨੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਭਾਈ ਜੀਵਨ ਸਿੰਘ (ਜੈਤਾ ਜੀ) ਦੀਆਂ ਤਸਵੀਰਾਂ ‘ਤੇ ਆਪਣੇ ਇਤਰਾਜ਼ ਨੂੰ ਸਪੱਸ਼ਟ ਕੀਤਾ। ਮੰਤਰੀ ਨੇ ਕਿਹਾ ਕਿ ਅਕਾਲ ਤਖ਼ਤ ਦੇ ਹੁਕਮਾਂ ਅਨੁਸਾਰ, ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨੂੰ ਰੋਕਣ ਲਈ ਵਿਭਾਗ ਵਿੱਚ ਸਿੱਖ ਸਿਧਾਂਤਾਂ ਅਤੇ ਪੰਜਾਬੀ ਵਿਰਾਸਤ ਤੋਂ ਜਾਣੂ ਵਿਅਕਤੀ ਨੂੰ ਨਿਯੁਕਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਚੀਫ਼ ਖ਼ਾਲਸਾ ਦੀਵਾਨ (CKD) ਦੇ ਮੁਖੀ ਡਾ: ਇੰਦਰਬੀਰ ਨਿੱਝਰ ਅਤੇ ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ਦੇ ਮੈਂਬਰ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹਾਜ਼ਰ ਹੋਏ।