ਪੰਜਾਬ ‘ਚ ਚੋਰੀ ਤੇ ਲੁੱਟ ਖੋਹ, ਵਾਰਦਾਤਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਸੂਬੇ ‘ਚ ਦਿਨ-ਬ-ਦਿਨ ਜਿਉਲਰੀ ਦੀਆਂ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉੱਥੇ ਅੱਜ ਆਦਮਪੁਰ ਬਾਜ਼ਾਰ ਦੇ ਨੇੜੇ ਚੋਰਾਂ ਨੇ ਲਕਸ਼ਮੀ ਜਵੈਲਰਜ਼ ਨੂੰ ਨਿਸ਼ਾਨਾ ਬਣਾਇਆ ਅਤੇ ਲੱਖਾਂ ਰੁਪਏ ਦੇ ਗਹਿਣੇ ਚੋਰੀ ਕਰ ਲਏ।
ਦੁਕਾਨ ਦੇ ਮਾਲਕ ਵਿਵੇਕ ਕਪੂਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਘਟਨਾ ਦਾ ਉਸ ਸਮੇਂ ਪਤਾ ਲੱਗਿਆ ਜਦ ਅੱਜ ਸਵੇਰੇ ਦੁਕਾਨ ਖੋਲ੍ਹੀ ਤਾਂ ਅੰਦਰ ਦਾ ਦ੍ਰਿਸ਼ ਦੇਖ ਕੇ ਉਹ ਹੈਰਾਨ ਰਹਿ ਗਏ। ਸ਼ੋਅਕੇਸ ਟੁੱਟੇ ਹੋਏ ਸਨ ਅਤੇ ਦੁਕਾਨ ਦਾ ਸਾਰਾ ਸਾਮਾਨ ਖਿੱਲਰਿਆ ਹੋਇਆ ਸੀ। ਜਾਂਚ ਕਰਨ ‘ਤੇ ਪਤਾ ਲੱਗਾ ਕਿ ਚੋਰਾਂ ਨੇ ਸੋਨੇ ਅਤੇ ਚਾਂਦੀ ਦੇ ਗਹਿਣੇ ਚੋਰੀ ਕਰ ਲਏ ਹਨ, ਜਿਨ੍ਹਾਂ ਦੀ ਕੀਮਤ ਲਗਭਗ 15 ਤੋਂ 16 ਲੱਖ ਰੁਪਏ ਬਣਦੀ ਹੈ। ਇਸ ਵਿੱਚ ਗਾਹਕਾਂ ਦੁਆਰਾ ਮੁਰੰਮਤ ਲਈ ਦਿੱਤੇ ਗਏ ਗਹਿਣੇ ਵੀ ਸ਼ਾਮਲ ਸਨ।
ਵਿਵੇਕ ਕਪੂਰ ਦੇ ਅਨੁਸਾਰ, ਦੁਕਾਨ ਦੇ ਬਾਹਰ ਲੱਗੇ ਸ਼ਟਰ ਅਤੇ ਤਾਲੇ ਠੀਕ ਸਨ। ਚੋਰ ਚੌਥੀ ਮੰਜ਼ਿਲ ‘ਤੇ ਸਕਾਈਲਾਈਟ ਦੀ ਗਰਿੱਲ ਕੱਟ ਕੇ ਦੁਕਾਨ ਵਿੱਚ ਦਾਖਲ ਹੋਏ। ਇਸ ਤੋਂ ਇਲਾਵਾ,ਉਨ੍ਹਾਂ ਨੇ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਵੀ ਆਪਣੇ ਨਾਲ ਲੈ ਗਏ।
ਘਟਨਾ ਦੀ ਜਾਣਕਾਰੀ ਮਿਲਣ ‘ਤੇ, ਆਦਮਪੁਰ ਪੁਲਿਸ ਸਟੇਸ਼ਨ ਦੇ ਅਧਿਕਾਰੀ ਰਵਿੰਦਰ ਪਾਲ ਸਿੰਘ ਪੁਲਿਸ ਟੀਮ ਨਾਲ ਮੌਕੇ ‘ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਚੋਰਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।