ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੇ ਅਰਕੀ ਬਜ਼ਾਰ ਵਿੱਚ ਐਤਵਾਰ ਦੀ ਦੇਰ ਰਾਤ ਇੱਕ ਭਿਆਨਕ ਅੱਗ ਲੱਗ ਗਈ । ਜਿਸ ਕਾਰਣ ਪੂਰੇ ਇਲਾਕੇ ਨੂੰ ਦਹਿਸ਼ਤ ਵਿੱਚ ਪਾ ਦਿੱਤਾ। ਇਸ ਦਰਦਨਾਕ ਹਾਦਸੇ ਦੌਰਾਨ ਅੱਠ ਸਾਲ ਦੀ ਇੱਕ ਮਾਸੂਮ ਬੱਚੀ ਜਿੰਦਾਂ ਸੜਨ ਕਾਰਣ ਮੌਤ ਹੋ ਗਈ । ਇਸ ਤੋਂ ਇਲਾਵਾ, 8 ਲੋਕਾਂ ਦੇ ਲਾਪਤਾ ਹੋਣ ਦੀ ਖ਼ਬਰ ਹੈ, ਜਿਨ੍ਹਾਂ ਵਿੱਚ ਦੋ ਔਰਤਾਂ, ਦੋ ਪੁਰਸ਼ ਅਤੇ ਚਾਰ ਬੱਚੇ ਸ਼ਾਮਲ ਦੱਸੇ ਜਾ ਰਹੇ ਹਨ। ਘਟਨਾ ਤੋਂ ਬਾਅਦ ਸਥਾਨਕ ਵਸਨੀਕਾਂ ਵਿੱਚ ਡਰ ਅਤੇ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ।
ਘਟਨਾ ਦੌਰਾਨ ਕਈ ਸਿਲੰਡਰ ਹੋਏ ਬਲਾਸਟ
ਚਸ਼ਮਦੀਦਾਂ ਅਨੁਸਾਰ, ਅੱਗ ਸਭ ਤੋਂ ਪਹਿਲਾਂ ਬਜ਼ਾਰ ਦੇ ਇਕ ਰਹਾਇਸ਼ੀ ਘਰ ਵਿੱਚ ਲੱਗੀ, ਜੋ ਬਹੁਤ ਤੇਜ਼ੀ ਨਾਲ ਨੇੜੇ ਦੀਆਂ ਦੁਕਾਨਾਂ ਅਤੇ ਹੋਰ ਇਮਾਰਤਾਂ ਤੱਕ ਫੈਲ ਗਈ। ਇਸ ਦੌਰਾਨ ਕਈ ਐਲਪੀਜੀ ਸਿਲੰਡਰ ਫਟੇ, ਜਿਸ ਕਾਰਨ ਅੱਗ ਨੇ ਹੋਰ ਵੀ ਵਿਕਰਾਲ ਰੂਪ ਧਾਰ ਲਿਆ। ਸਿਲੰਡਰ ਫਟਣ ਧਮਾਕਿਆਂ ਆਵਾਜ਼ਾਂ ਆ ਰਹੀਆਂ ਸਨ। ਜਿਸ ਕਾਰਣ ਮੌਕੇ ‘ਤੇ ਲੋਕਾਂ ਵਿੱਚ ਅਫ਼ੜਾ-ਤਫ਼ੜੀ ਮਚ ਗਈ।
ਜਿਵੇਂ ਹੀ ਘਟਨਾ ਦੀ ਸੂਚਨਾ ਮਿਲੀ, ਫਾਇਰ ਬ੍ਰਿਗੇਡ ਦੀਆਂ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚੀਆਂ। ਕਈ ਘੰਟਿਆਂ ਦੀ ਲਗਾਤਾਰ ਮਿਹਨਤ ਤੋਂ ਬਾਅਦ ਅੱਗ ‘ਤੇ ਕਾਬੂ ਤਾਂ ਪਾ ਲਿਆ ਗਿਆ, ਪਰ ਤਦ ਤੱਕ ਕਈ ਦੁਕਾਨਾਂ ਅਤੇ ਮਕਾਨ ਸੜ ਕੇ ਪੂਰੀ ਤਰ੍ਹਾਂ ਖ਼ਾਕ ਹੋ ਚੁੱਕੇ ਸਨ। ਇਸ ਅੱਗ ਕਾਰਨ ਲੱਖਾਂ ਰੁਪਏ ਦੇ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ।
MLA ਸੰਜੇ ਅਵਸਥੀ ਘਟਨਾ ਦਾ ਜਾਇਜ਼ਾ ਲੈਣ ਪੁੱਜੇ
ਘਟਨਾ ਦੀ ਜਾਣਕਾਰੀ ਮਿਲਣ ਉਪਰੰਤ ਸਥਾਨਕ ਵਿਧਾਇਕ ਸੰਜੇ ਅਵਸਥੀ ਵੀ ਤੁਰੰਤ ਅਰਕੀ ਬਜ਼ਾਰ ਪਹੁੰਚੇ। ਉਨ੍ਹਾਂ ਦੱਸਿਆ ਕਿ ਅੱਗ ਰਾਤ ਲਗਭਗ ਢਾਈ ਵਜੇ ਦੇ ਕਰੀਬ ਲੱਗੀ ਸੀ ਅਤੇ ਅਜੇ ਤੱਕ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਇਹ ਵੀ ਕਿਹਾ ਕਿ ਲਾਪਤਾ ਲੋਕਾਂ ਦੀ ਭਾਲ ਲਈ ਰਾਹਤ ਅਤੇ ਬਚਾਅ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਹਨ ਅਤੇ ਮਲਬਾ ਹਟਾਉਣ ਦੀ ਕਾਰਵਾਈ ਜਾਰੀ ਹੈ।
ਪੀੜਤ ਪਰਿਵਾਰਾਂ ਵੱਲੋਂ ਮੁਆਵਜ਼ੇ ‘ਤੇ ਸੁਰੱਖਿਅਤ ਪੁਨਰਵਾਸ ਦੀ ਮੰਗ
ਇਸ ਹਾਦਸੇ ਤੋਂ ਬਾਅਦ ਅਰਕੀ ਬਜ਼ਾਰ ਅਤੇ ਨੇੜਲੇ ਇਲਾਕਿਆਂ ਵਿੱਚ ਸੋਗ ਦਾ ਮਾਹੌਲ ਹੈ। ਪੀੜਤ ਪਰਿਵਾਰਾਂ ਨੇ ਪ੍ਰਸ਼ਾਸਨ ਕੋਲੋਂ ਤੁਰੰਤ ਮਦਦ, ਮੁਆਵਜ਼ਾ ਅਤੇ ਸੁਰੱਖਿਅਤ ਪੁਨਰਵਸਾਹ ਦੀ ਮੰਗ ਕੀਤੀ ਹੈ। ਪ੍ਰਸ਼ਾਸਨ ਵੱਲੋਂ ਭਰੋਸਾ ਦਿਵਾਇਆ ਗਿਆ ਹੈ ਕਿ ਘਟਨਾ ਦੀ ਪੂਰੀ ਜਾਂਚ ਕੀਤੀ ਜਾਵੇਗੀ ਅਤੇ ਪੀੜਤਾਂ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ। ਖ਼ਬਰ ਨਾਲ ਜੁੜੀਆਂ ਤਾਜ਼ਾ ਜਾਣਕਾਰੀਆਂ ਲਗਾਤਾਰ ਸਾਹਮਣੇ ਲਿਆਂਦੀਆਂ ਜਾ ਰਹੀਆਂ ਹਨ।