ਆਪ੍ਰੇਸ਼ਨ ਸਿੰਦੂਰ ਤੋਂ ਬਾਅਦ, ਸਰਹੱਦ ‘ਤੇ ਇੱਕ ਵਾਰ ਫਿਰ ਤਣਾਅ ਵਧ ਗਿਆ ਹੈ। ਜੰਮੂ-ਕਸ਼ਮੀਰ ਵਿੱਚ ਕੰਟਰੋਲ ਰੇਖਾ (LoC) ਦੇ ਨੇੜੇ ਕਈ ਪਾਕਿਸਤਾਨੀ ਡਰੋਨ ਘੁੰਮਦੇ ਦੇਖੇ ਗਏ। ਡਰੋਨ ਦੀਆਂ ਹਰਕਤਾਂ ਤੋਂ ਬਾਅਦ ਸੁਰੱਖਿਆ ਬਲ ਅਲਰਟ ‘ਤੇ ਹਨ । ਭਾਰਤ-ਪਾਕਿਸਤਾਨ ਦੀ ਅੰਤਰਰਾਸ਼ਟਰੀ ਸਰਹੱਦ ਅਤੇ ਲਾਈਨ ਆਫ਼ ਕੰਟਰੋਲ (LoC) ਦੇ ਨੇੜੇ ਸਾਂਬਾ, ਰਾਜੌਰੀ ਅਤੇ ਪੁੰਛ ਜ਼ਿਲ੍ਹਿਆਂ ਵਿੱਚ ਸ਼ੱਕੀ ਡ੍ਰੋਨ ਵੇਖੇ ਗਏ। ਇਸ ਘਟਨਾ ਤੋਂ ਬਾਅਦ ਸੁਰੱਖਿਆ ਏਜੰਸੀਆਂ ਵੱਲੋਂ ਸੁਰੱਖਿਆ ਨਾਲ ਜੁੜੇ SOP ਤੁਰੰਤ ਲਾਗੂ ਕਰ ਦਿੱਤੇ ਗਏ।
ਇਹ ਡ੍ਰੋਨ ਅਧਿਕਾਰੀਆਂ ਮੁਤਾਬਕ ਸਰਹੱਦ ਨਾਲ ਲੱਗਦੇ ਅੱਗੇਲੇ ਇਲਾਕਿਆਂ ਵਿੱਚ ਘੱਟੋ-ਘੱਟ 5 ਡ੍ਰੋਨਾਂ ਦੀ ਹਰਕਤ ਨੋਟ ਕੀਤੀ ਗਈ। ਇਸ ਤੋਂ ਬਾਅਦ ਇਲਾਕੇ ਵਿੱਚ ਸਰਚ ਆਪਰੇਸ਼ਨ ਵੀ ਚਲਾਇਆ ਗਿਆ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕਿਤੇ ਇਨ੍ਹਾਂ ਡ੍ਰੋਨਾਂ ਰਾਹੀਂ ਭਾਰਤ ਅੰਦਰ ਹਥਿਆਰ ਤਾਂ ਨਹੀਂ ਸੁੱਟੇ ਜਾ ਰਹੇ।
ਨਿਊਜ਼ ਏਜੰਸੀ ਅਨੁਸਾਰ ਪਾਕਿਸਤਾਨੀ ਸਰਹੱਦ ਵੱਲੋਂ ਕੁਝ ਡ੍ਰੋਨ ਭਾਰਤੀ ਹਵਾਈ ਖੇਤਰ ਵਿੱਚ ਦਾਖ਼ਲ ਹੁੰਦੇ ਹੋਏ ਵੇਖੇ ਗਏ। ਇਸ ਤੋਂ ਬਾਅਦ ਇਹ ਡ੍ਰੋਨ ਕੁਝ ਸਮੇਂ ਲਈ ਸੰਵੇਦਨਸ਼ੀਲ ਇਲਾਕਿਆਂ ਵਿੱਚ ਮੰਡਰਾਉਂਦੇ ਰਹੇ ਅਤੇ ਫਿਰ ਪਾਕਿਸਤਾਨ ਵੱਲ ਵਾਪਸ ਮੁੜ ਗਏ। ਨੇੜਲੀਆਂ ਚੌਕੀਆਂ ਨੂੰ ਅਲਰਟ ਕੀਤਾ ਗਿਆ ਅਤੇ ਸ਼ੱਕੀ ਇਲਾਕਿਆਂ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ।
ਰਿਪੋਰਟ ਮੁਤਾਬਕ ਰਾਜੌਰੀ ਜ਼ਿਲ੍ਹੇ ਦੇ ਨੌਸ਼ਹਿਰਾ ਸੈਕਟਰ ਵਿੱਚ ਵੀ ਐਤਵਾਰ ਸ਼ਾਮ ਇੱਕ ਡ੍ਰੋਨ ਵੇਖਿਆ ਗਿਆ ਸੀ, ਜਿਸ ਤੋਂ ਬਾਅਦ ਫੌਜ ਦੇ ਜਵਾਨਾਂ ਵੱਲੋਂ ਮੀਡੀਅਮ ਅਤੇ ਲਾਈਟ ਮਸ਼ੀਨ ਗਨ ਨਾਲ ਫਾਇਰਿੰਗ ਕੀਤੀ ਗਈ। ਫਿਲਹਾਲ ਸਾਰੀਆਂ ਏਜੰਸੀਆਂ ਅਲਰਟ ‘ਤੇ ਹਨ ਅਤੇ ਸਰਹੱਦ ‘ਤੇ ਨਿਗਰਾਨੀ ਹੋਰ ਤੇਜ਼ ਕਰ ਦਿੱਤੀ ਗਈ ਹੈ।