ਖਬਰਿਸਤਾਨ ਨੈੱਟਵਰਕ- ਅੱਜ ਲੋਹੜੀ ਦੇ ਤਿਉਹਾਰ ਦੀਆਂ ਪੂਰੇ ਦੇਸ਼ ਵਿੱਚ ਰੌਣਕਾਂ ਹਨ ਤੇ ਧੂਮ-ਧਾਮ ਨਾਲ ਇਸ ਤਿਉਹਾਰ ਨੂੰ ਮਨਾਇਆ ਜਾ ਰਿਹਾ ਹੈ। ਖਾਸ ਤੌਰ ਉਤੇ ਪੰਜਾਬ ਲਈ ਇਸ ਤਿਉਹਾਰ ਦਾ ਖਾਸ ਮਹੱਤਵ ਹੈ। ਇਹ ਤਿਉਹਾਰ ਖੁਸ਼ੀਆਂ ਅਤੇ ਸੁੱਖ ਸ਼ਾਂਤੀ ਦਾ ਪ੍ਰਤੀਕ ਹੈ। ਲੋਹੜੀ ਪੰਜਾਬ, ਹਰਿਆਣਾ ਅਤੇ ਦਿੱਲੀ ਵਿੱਚ ਬਹੁਤ ਉਤਸ਼ਾਹ ਨਾਲ ਮਨਾਈ ਜਾਂਦੀ ਹੈ।
ਲੋਹੜੀ ਦੀ ਮਹੱਤਤਾ
ਲੋਹੜੀ ਦਾ ਤਿਉਹਾਰ ਮਾਘ ਮਹੀਨੇ ਦੀ ਸੰਗਰਾਂਦ ਤੋਂ ਇੱਕ ਰਾਤ ਪਹਿਲਾਂ ਮਨਾਇਆ ਜਾਂਦਾ ਹੈ। ਲੋਹੜੀ ਦਾ ਅਰਥ ਹੈ – ਲ (ਲੱਕੜ), ਓਹ (ਗੋਹ ਮਤਲਬ ਸੁੱਕੇ ਗੋਹੇ ਦੀਆਂ ਪਾਥੀਆਂ) ਅਤੇ ੜੀ (ਰੇਵੜੀ), ਇਸ ਲਈ ਇਸ ਦਿਨ ਮੂੰਗਫਲੀ, ਤਿਲ, ਗੁੜ, ਗੱਚਕ, ਚਿੜਵੜੇ, ਮੱਕੀ ਨੂੰ ਲੋਹੜੀ ਦੀ ਅੱਗ ‘ਤੇ ਵਾਰ ਕੇ ਖਾਣ ਦੀ ਰਵਾਇਤ ਹੈ। ਲੋਹੜੀ ਦੀ ਰਾਤ ਲੋਕ ਚੌਰਾਹੇ ਜਾਂ ਇਲਾਕੇ ਵਿੱਚ ਕਿਸੇ ਖੁੱਲ੍ਹੀ ਜਗ੍ਹਾ ‘ਤੇ ਅੱਗ ਬਾਲਦੇ ਹਨ, ਜਿਸ ਨੂੰ ਧੂਣੀ ਜਾਂ ਪੁੱਗਾ ਵੀ ਕਿਹਾ ਜਾਂਦਾ ਹੈ।
ਕਿਉਂ ਮਨਾਈ ਜਾਂਦੀ ਹੈ ਲੋਹੜੀ ?
ਲੋਹੜੀ ਦਾ ਤਿਉਹਾਰ ਮਨਾਉਣ ਪਿੱਛੇ ਕਈ ਕਹਾਣੀਆਂ ਹਨ। ਇਸ ਤਿਉਹਾਰ ਨੂੰ ਭਗਵਾਨ ਸ਼੍ਰੀ ਕ੍ਰਿਸ਼ਨ ਅਤੇ ਦੁੱਲਾ ਭੱਟੀ ਨਾਲ ਜੋੜਿਆ ਜਾਂਦਾ ਮੰਨਿਆ ਜਾਂਦਾ ਹੈ। ਲੋਕ ਕਥਾ ਦੇ ਅਨੁਸਾਰ, ਦੁੱਲਾ ਭੱਟੀ ਨਾਮ ਦਾ ਇੱਕ ਆਦਮੀ ਸੀ ਜਿਸਨੇ ਬਹੁਤ ਸਾਰੀਆਂ ਕੁੜੀਆਂ ਨੂੰ ਅਮੀਰ ਵਪਾਰੀਆਂ ਤੋਂ ਬਚਾਇਆ ਸੀ। ਉਸ ਸਮੇਂ ਕੁੜੀਆਂ ਨੂੰ ਅਮੀਰ ਪਰਿਵਾਰਾਂ ਨੂੰ ਵੇਚ ਦਿੱਤਾ ਜਾਂਦਾ ਸੀ। ਦੁੱਲਾ ਭੱਟੀ ਨੇ ਇਸ ਵਿਰੁੱਧ ਆਵਾਜ਼ ਉਠਾਈ ਅਤੇ ਸਾਰੀਆਂ ਕੁੜੀਆਂ ਨੂੰ ਬਚਾਇਆ ਅਤੇ ਉਨ੍ਹਾਂ ਦਾ ਵਿਆਹ ਕਰਵਾਇਆ। ਉਸਨੂੰ ਲੋਹੜੀ ਵਾਲੇ ਦਿਨ ਯਾਦ ਕੀਤਾ ਜਾਂਦਾ ਹੈ, ਇਸ ਲਈ ਲੋਹੜੀ ਵਾਲੇ ਦਿਨ ਦੁੱਲਾ ਭੱਟੀ ਦੇ ਗੀਤ ਗਾਉਣ ਦੀ ਪਰੰਪਰਾ ਹੈ।
ਪੌਰਾਣਿਕ ਅਤੇ ਧਾਰਮਿਕ ਮਹੱਤਵ
ਲੋਹੜੀ ਮਨਾਉਣ ਦੀ ਪਰੰਪਰਾ ਦਵਾਪਰ ਯੁੱਗ ਤੋਂ ਚੱਲੀ ਆ ਰਹੀ ਹੈ। ਇਕ ਕਥਾ ਅਨੁਸਾਰ, ਕੰਸ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਨੂੰ ਮਾਰਨ ਲਈ ਲੋਹਿਤਾ ਨਾਮ ਦੀ ਇਕ ਰਾਕਸ਼ਸੀ ਨੂੰ ਭੇਜਿਆ ਸੀ। ਜਦੋਂ ਸ਼੍ਰੀ ਕ੍ਰਿਸ਼ਨ ਨੇ ਲੋਹਿਤਾ ਦਾ ਵਧ ਕੀਤਾ, ਤਾਂ ਗੋਕੁਲ ਵਾਸੀਆਂ ਨੇ ਬਹੁਤ ਖੁਸ਼ੀ ਮਨਾਈ ਅਤੇ ਮਕਰ ਸੰਕ੍ਰਾਂਤੀ ਤੋਂ ਇਕ ਦਿਨ ਪਹਿਲਾਂ ਉਤਸ਼ਾਹ ਨਾਲ ਲੋਹੜੀ ਮਨਾਉਣ ਦੀ ਪਰੰਪਰਾ ਸ਼ੁਰੂ ਹੋਈ।
ਖਾਸ ਪਕਵਾਨ
ਲੋਹੜੀ ਅਤੇ ਮਕਰ ਸੰਕ੍ਰਾਂਤੀ ਦੋਵਾਂ ਦਾ ਖੇਤੀਬਾੜੀ ਨਾਲ ਗੂੜ੍ਹਾ ਸਬੰਧ ਹੈ। ਇਸ ਸਮੇਂ ਤੱਕ ਹਾੜ੍ਹੀ (ਰਬੀ) ਦੀ ਫ਼ਸਲ ਬੀਜੀ ਜਾ ਚੁੱਕੀ ਹੁੰਦੀ ਹੈ ਅਤੇ ਕਿਸਾਨ ਸੂਰਜ ਦੇਵਤਾ ਦੀ ਪੂਜਾ ਕਰਦੇ ਹਨ ਤਾਂ ਜੋ ਉਨ੍ਹਾਂ ਦੀ ਫ਼ਸਲ ਚੰਗੀ ਹੋਵੇ। ਲੋਹੜੀ ‘ਤੇ ਨਵੀਂ ਫ਼ਸਲ ਦੇ ਪਕਵਾਨ ਬਣਾਏ ਜਾਂਦੇ ਹਨ ਅਤੇ ਗੁੜ, ਤਿਲ ਤੇ ਮੂੰਗਫਲੀ ਅੱਗ ਨੂੰ ਅਰਪਿਤ ਕੀਤੇ ਜਾਂਦੇ ਹਨ। ਇਸ ਦਿਨ ਖਾਣ-ਪੀਣ ‘ਚ ਖਾਸ ਤੌਰ ‘ਤੇ ਗੁੜ ਅਤੇ ਚੌਲਾਂ ਦੀ ਖੀਰ ਤਿਆਰ ਕੀਤੀ ਜਾਂਦੀ ਹੈ।