ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ 15 ਜਨਵਰੀ ਨੂੰ ਅੰਮ੍ਰਿਤਸਰ ਸਥਿਤ ਅਕਾਲ ਤਖ਼ਤ ਸਾਹਿਬ ਵਿੱਚ ਪੇਸ਼ ਹੋਣ ਦੇ ਸਮੇਂ ਵਿੱਚ ਬਦਲਾਅ ਕੀਤਾ ਗਿਆ ਹੈ । ਅਕਾਲ ਤਖ਼ਤ ਸਚਿਵਾਲੇ ਵੱਲੋਂ ਜਾਰੀ ਕੀਤੇ ਗਏ ਬਿਆਨ ਅਨੁਸਾਰ ਹੁਣ ਮੁੱਖ ਮੰਤਰੀ ਸਵੇਰੇ 10 ਵਜੇ ਦੀ ਥਾਂ ਸ਼ਾਮ 4:30 ਵਜੇ ਪੇਸ਼ ਹੋਣਗੇ। ਅਕਾਲ ਤਖ਼ਤ ਵੱਲੋਂ ਇਹ ਪੇਸ਼ੀ ਮੁੱਖ ਮੰਤਰੀ ਦੇ ਕੁਝ ਬਿਆਨਾਂ ਅਤੇ ਇੱਕ ਵਾਇਰਲ ਵੀਡੀਓ ਸਬੰਧੀ ਸਪਸ਼ਟੀਕਰਨ ਲਈ ਬੁਲਾਈ ਗਈ ਹੈ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਕਿਹਾ ਸੀ ਕਿ 15 ਜਨਵਰੀ ਨੂੰ ਅੰਮ੍ਰਿਤਸਰ ਵਿੱਚ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦਾ ਵੀ ਪ੍ਰੋਗਰਾਮ ਹੈ, ਪਰ ਉਹ ਉਸ ਵਿੱਚ ਸ਼ਾਮਲ ਨਹੀਂ ਹੋਣਗੇ ਅਤੇ ਅਕਾਲ ਤਖ਼ਤ ਵਿੱਚ ਪੇਸ਼ ਹੋਣਾ ਤਰਜੀਹ ਦੇਣਗੇ। ਇਸ ਬਿਆਨ ਨੂੰ ਧਿਆਨ ਵਿੱਚ ਰੱਖਦੇ ਹੋਏ ਅਕਾਲ ਤਖ਼ਤ ਵੱਲੋਂ ਪੇਸ਼ੀ ਦਾ ਸਮਾਂ ਬਦਲਿਆ ਗਿਆ। ਸੀਐੱਮ ਮਾਨ ਦੇ ਰੁਝੇਵਿਆਂ ਕਰਕੇ ਇਹ ਸਮਾਂ ਬਦਲਿਆ ਗਿਆ ਹੈ।
ਭਗਵੰਤ ਮਾਨ ਨੇ ਇਹ ਵੀ ਕਿਹਾ ਸੀ ਕਿ ਉਹ ਨੰਗੇ ਪੈਰ ਅਕਾਲ ਤਖ਼ਤ ਜਾਣਗੇ ਅਤੇ ਪੂਰੇ ਮਾਮਲੇ ਦੀ ਕਾਰਵਾਈ ਨੂੰ ਲਾਈਵ ਦਿਖਾਉਣ ਦੀ ਅਪੀਲ ਕੀਤੀ ਸੀ। ਹਾਲਾਂਕਿ ਜਥੇਦਾਰ ਵੱਲੋਂ ਇਸ ਬਾਰੇ ਹਾਲੇ ਕੋਈ ਸਰਕਾਰੀ ਟਿੱਪਣੀ ਨਹੀਂ ਆਈ। ਕਿਉਂਕਿ ਮੁੱਖ ਮੰਤਰੀ ਅੰਮ੍ਰਿਤਧਾਰੀ ਸਿੱਖ ਨਹੀਂ ਹਨ, ਇਸ ਲਈ ਉਨ੍ਹਾਂ ਨੂੰ ਅਕਾਲ ਤਖ਼ਤ ਦੀ ਫ਼ਸੀਲ ਦੀ ਥਾਂ ਸਚਿਵਾਲੇ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ।