ਲੁਧਿਆਣਾ ਪੁਲਿਸ ਦੇ ASI ਕਸ਼ਮੀਰ ਸਿੰਘ ਢਿੱਲੋਂ ਦਾ ਹਸਪਤਾਲ ‘ਚ ਇਲਾਜ ਦੌਰਾਨ ਦਮ ਤੋੜ ਦਿੱਤਾ। 2 ਜਨਵਰੀ ਨੂੰ ਆਪਣੀ ਸਰਕਾਰੀ ਪਿਸਤੌਲ ਦੀ ਸਫਾਈ ਕਰਦਿਆਂ ਗੋਲੀ ਚੱਲ ਗਈ ਸੀ। ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਏ ਸਨ। ਜਿਸ ਤੋਂ ਉਨ੍ਹਾਂ ਨੂੰ ਇਲਾਜ ਲਈ ਪਟਿਆਲਾ ਦੇ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ। ਜਿੱਥੇ ਡਾਕਟਰਾਂ ਨੇ ਇਲਾਜ ਦੇ 12 ਦਿਨਾਂ ਬਾਅਦ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਉਨ੍ਹਾਂ ਦਾ ਅੰਤਿਮ ਸੰਸਕਾਰ 15 ਜਨਵਰੀ ਨੂੰ ਪਟਿਆਲਾ ਵਿੱਚ ਪੂਰੇ ਪੁਲਿਸ ਸਨਮਾਨ ਨਾਲ ਕੀਤਾ ਗਿਆ। ਕਸ਼ਮੀਰ ਸਿੰਘ ਦੀ ਇੱਕ ਧੀ ਵਿਦੇਸ਼ ਵਿੱਚ ਰਹਿੰਦੀ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਸ਼ਮੀਰ ਸਿੰਘ ਖੁਦ ਵੀ ਕੁਝ ਸਮਾਂ ਪਹਿਲਾਂ ਵਿਦੇਸ਼ ਗਏ ਸਨ ਅਤੇ ਹਾਲ ਹੀ ਵਿੱਚ ਭਾਰਤ ਵਾਪਸ ਆਏ ਸਨ।
ਪੁਲਿਸ ਵਿਭਾਗ ‘ਚ ਸੋਗ ਦੀ ਲਹਿਰ
ਕਸ਼ਮੀਰ ਸਿੰਘ ਦੇ ਦਿਹਾਂਤ ਨਾਲ ਪੁਲਿਸ ਵਿਭਾਗ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਸੀਨੀਅਰ ਅਧਿਕਾਰੀਆਂ ਅਤੇ ਪੁਲਿਸ ਕਰਮਚਾਰੀਆਂ ਨੇ ਉਨ੍ਹਾਂ ਦੇ ਅਕਾਲ ਦਿਹਾਂਤ ‘ਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ ।
ਆਪਣੇ ਪੁਲਿਸ ਕਰੀਅਰ ਦੌਰਾਨ ਏਐਸਆਈ ਕਸ਼ਮੀਰ ਸਿੰਘ ਢਿੱਲੋਂ ਨੇ ਕਈ ਮਹੱਤਵਪੂਰਨ ਜ਼ਿੰਮੇਵਾਰੀਆਂ ਨਿਭਾਈਆਂ। ਉਹ ਲੁਧਿਆਣਾ ਦੀ ਕਰਾਈਮ ਬ੍ਰਾਂਚ ਸ਼ਿਮਲਾਪੁਰੀ, ਡੀ.ਐਮ.ਸੀ. ਅਤੇ ਬੱਸ ਸਟੈਂਡ ਇਲਾਕੇ ਵਿੱਚ ਚੌਕੀ ਇੰਚਾਰਜ ਵਜੋਂ ਸੇਵਾ ਨਿਭਾ ਚੁੱਕੇ ਸਨ। ਵਰਤਮਾਨ ਸਮੇਂ ਉਨ੍ਹਾਂ ਦੀ ਤਾਇਨਾਤੀ ਲੁਧਿਆਣਾ ਦੇ ਥਾਣਾ ਟਿੱਬਾ ਵਿੱਚ ਸੀ।



