ਪੰਜਾਬ ਵਿੱਚ ਠੰਡ ਦੇ ਨਾਲ-ਨਾਲ ਸੰਘਣੀ ਧੁੰਦ ਦਾ ਕਹਿਰ ਵੀ ਲਗਾਤਾਰ ਜਾਰੀ ਹੈ। ਇਸੇ ਦੌਰਾਨ ਅੱਜ ਸਵੇਰੇ ਸੰਗਰੂਰ ਜ਼ਿਲ੍ਹੇ ਦੇ ਸੂਲਰ ਘਰਾਟ ਨੇੜੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇੱਥੇ ਇੱਕ ਸਵਿਫਟ ਕਾਰ ਦਰੱਖ਼ਤ ਨਾਲ ਟਕਰਾਉਣ ਤੋਂ ਬਾਅਦ ਅੱਗ ਦੀ ਲਪੇਟ ਵਿੱਚ ਆ ਗਈ, ਜਿਸ ਕਾਰਨ ਕਾਰ ਸਵਾਰ ਮਾਂ-ਧੀ ਦੀ ਮੌਕੇ ‘ਤੇ ਹੀ ਦਰਦਨਾਕ ਮੌਤ ਹੋ ਗਈ।
ਪੰਜਾਬ ਪੁਲਿਸ ਦੀ ਮੁਲਾਜ਼ਮ ਸੀ ਸਰਬਜੀਤ ਕੌਰ
ਪ੍ਰਾਪਤ ਜਾਣਕਾਰੀ ਅਨੁਸਾਰ ਕਾਰ ਚਲਾ ਰਹੀ ਸਰਬਜੀਤ ਕੌਰ ਪੰਜਾਬ ਪੁਲਿਸ ਦੀ ਮੁਲਾਜ਼ਮ ਸੀ ਅਤੇ ਉਸ ਦੇ ਨਾਲ ਉਸ ਦੀ ਮਾਤਾ ਇੰਦਰਜੀਤ ਕੌਰ ਵੀ ਸਵਾਰ ਸੀ। ਦੋਵੇਂ ਆਪਣੀ ਕਿਸੇ ਰਿਸ਼ਤੇਦਾਰੀ ਵਿੱਚ ਜਾ ਰਹੀਆਂ ਸਨ। ਇਸੇ ਦੌਰਾਨ ਨਹਿਰ ਦੇ ਕਿਨਾਰੇ ਬਣੀ ਸੜਕ ‘ਤੇ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਲੱਗੇ ਇੱਕ ਦਰੱਖ਼ਤ ਨਾਲ ਜਾ ਟਕਰਾਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਨੂੰ ਤੁਰੰਤ ਅੱਗ ਲੱਗ ਗਈ ਅਤੇ ਦੇਖਦੇ ਹੀ ਦੇਖਦੇ ਸੜ ਕੇ ਸੁਆਹ ਹੋ ਗਿਆ।
ਬਾਹਰ ਨਿਕਲਣ ਦਾ ਮੌਕਾ ਤੱਕ ਨਹੀਂ ਮਿਲਿਆ
ਹਾਦਸਾ ਇੰਨਾ ਅਚਾਨਕ ਅਤੇ ਭਿਆਨਕ ਸੀ ਕਿ ਮਾਂ-ਧੀ ਨੂੰ ਕਾਰ ਵਿੱਚੋਂ ਬਾਹਰ ਨਿਕਲਣ ਦਾ ਮੌਕਾ ਤੱਕ ਨਹੀਂ ਮਿਲਿਆ ਅਤੇ ਦੋਵੇਂ ਅੰਦਰ ਹੀ ਫਸ ਗਈਆਂ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਮਾਂ-ਧੀ ਸੰਗਰੂਰ ਦੇ ਕਸਬਾ ਸੂਲਰ ਘਰਾਟ ਦੇ ਨਜ਼ਦੀਕੀ ਪਿੰਡ ਮੌੜਾਂ ਦੀਆਂ ਰਹਿਣ ਵਾਲੀਆਂ ਸਨ।
ਪੁਲਿਸ ਵੱਲੋਂ ਜਾਂਚ ਸ਼ੁਰੂ
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਰਾਹਤ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਵੱਲੋਂ ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ, ਹਾਲਾਂਕਿ ਮੁੱਢਲੀ ਜਾਂਚ ਵਿੱਚ ਹਾਦਸੇ ਦਾ ਕਾਰਨ ਸੰਘਣੀ ਧੁੰਦ ਅਤੇ ਘੱਟ ਵਿਜ਼ੀਬਿਲਟੀ ਦੱਸਿਆ ਜਾ ਰਿਹਾ ਹੈ।