ਖ਼ਬਰਿਸਤਾਨ ਨੈੱਟਵਰਕ: ਮੋਹਾਲੀ ਦੇ ਜ਼ੀਰਕਪੁਰ ਐਰੋਸਿਟੀ ਵਿੱਚ ਸ਼ਨੀਵਾਰ ਨੂੰ ਸਟੇਟ ਬੈਂਕ ਆਫ਼ ਇੰਡੀਆ (SBI) ਦੇ ਚੀਫ ਮੈਨੇਜਰ ਨਾਲ ਦਿਨ-ਦਹਾੜੇ ਹਥਿਆਰਾਂ ਦੀ ਨੋਕ ‘ਤੇ ਲੁੱਟ ਦੀ ਵਾਰਦਾਤ ਵਾਪਰੀ। ਦੋ ਨਕਾਬਪੋਸ਼ ਲੁਟੇਰਿਆਂ ਨੇ ਚੀਫ ਮੈਨੇਜਰ ਨੂੰ ਪਿਸਤੌਲ ਦਿਖਾ ਕੇ 4 ਲੱਖ ਰੁਪਏ ਦੇ ਗਹਿਣੇ ਲੁੱਟ ਲਏ ਅਤੇ ਫਰਾਰ ਹੋ ਗਏ। ਜਾਂਦੇ-ਜਾਂਦੇ ਲੁਟੇਰੇ ਦਹਿਸ਼ਤ ਫੈਲਾਉਣ ਲਈ ਫਾਇਰਿੰਗ ਵੀ ਕਰ ਗਏ।
ਕਾਰ ਰਾਹੀਂ ਦਫ਼ਤਰ ਜਾ ਰਹੇ ਸਨ ਚੀਫ ਮੈਨੇਜਰ
ਪੀੜਤ ਸੁਧਾਂਸ਼ੂ ਕੁਮਾਰ ਨੇ ਦੱਸਿਆ ਕਿ ਉਹ ਸਵੇਰੇ ਆਪਣੀ ਕਾਰ ਰਾਹੀਂ ਦਫ਼ਤਰ ਜਾ ਰਹੇ ਸਨ। ਇਸੇ ਦੌਰਾਨ ਸੰਘਣੀ ਧੁੰਦ ਦਾ ਫ਼ਾਇਦਾ ਉਠਾਉਂਦੇ ਹੋਏ ਬੁਲਟ ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ ਉਨ੍ਹਾਂ ਦੀ ਕਾਰ ਦੇ ਸਾਹਮਣੇ ਆ ਗਏ। ਜਿਵੇਂ ਹੀ ਉਨ੍ਹਾਂ ਨੇ ਕਾਰ ਦਾ ਸ਼ੀਸ਼ਾ ਹੇਠਾਂ ਕੀਤਾ, ਲੁਟੇਰਿਆਂ ਨੇ ਉਨ੍ਹਾਂ ਦਾ ਹੱਥ ਫੜ ਲਿਆ ਅਤੇ ਕਾਰ ਵਿੱਚ ਪਿਆ ਸੋਨੇ ਦੇ ਗਹਿਣਿਆਂ ਵਾਲਾ ਬੈਗ ਖੋਹਣ ਦੀ ਕੋਸ਼ਿਸ਼ ਕਰਨ ਲੱਗੇ।
ਵਿਰੋਧ ਕਰਨ ‘ਤੇ ਲੁਟੇਰਿਆਂ ਨੇ ਚਲਾਈਆਂ ਗੋਲੀਆਂ
ਉਨ੍ਹਾਂ ਅੱਗੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਲੁਟੇਰਿਆਂ ਨੇ ਪਿਸਤੌਲ ਦਿਖਾ ਕੇ ਗਹਿਣੇ ਉਤਰਵਾ ਲਏ। ਜਦੋਂ ਆਪਣੀ ਜਾਨ ਬਚਾਉਣ ਲਈ ਉਨ੍ਹਾਂ ਨੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰਾਂ ਨੇ ਗੋਲੀ ਚਲਾ ਦਿੱਤੀ। ਸੁਧਾਂਸ਼ੂ ਕੁਮਾਰ ਇਸ ਗੋਲੀਬਾਰੀ ਵਿੱਚ ਵਾਲ-ਵਾਲ ਬਚ ਗਏ। ਗੋਲੀ ਚਲਾਉਣ ਤੋਂ ਬਾਅਦ ਲੁਟੇਰੇ ਮੌਕਾ ‘ਤੇ ਉੱਥੋਂ ਫਰਾਰ ਹੋ ਗਏ।
ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ
ਇਸ ਮਾਮਲੇ ਸਬੰਧੀ ਜ਼ੀਰਕਪੁਰ ਪੁਲਿਸ ਦੇ ਅਧਿਕਾਰੀ ਲਾਭ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਲੁੱਟ ਦੀ ਘਟਨਾ ਦੀ ਸੂਚਨਾ ਮਿਲੀ ਹੈ। ਸ਼ਿਕਾਇਤਕਰਤਾ ਨੇ ਗੋਲੀ ਚੱਲਣ ਦੀ ਗੱਲ ਵੀ ਕਹੀ ਹੈ, ਹਾਲਾਂਕਿ ਪੁਲਿਸ ਅਜੇ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਕਰ ਰਹੀ। ਪੁਲਿਸ ਵੱਲੋਂ ਆਸ-ਪਾਸ ਦੇ ਸੀਸੀਟੀਵੀ (CCTV) ਫੁਟੇਜ ਖੰਗਾਲੇ ਜਾ ਰਹੇ ਹਨ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੁਲਜ਼ਮਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।



