ਖ਼ਬਰਿਸਤਾਨ ਨੈੱਟਵਰਕ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਦਿੱਲੀ ਵਿਖੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਕੇਂਦਰੀ ਮੰਤਰੀ ਨੇ ਰੂਰਲ ਡਿਵੈਲਪਮੈਂਟ ਫੰਡ (RDF) ਦੀ ਪਹਿਲੀ ਕਿਸ਼ਤ ਜਲਦ ਜਾਰੀ ਕਰਨ ਦਾ ਭਰੋਸਾ ਦਿੱਤਾ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਨੇ ਗ੍ਰਹਿ ਮੰਤਰੀ ਕੋਲ ਪੰਜਾਬ ਦੇ ਰੁਕੇ ਹੋਏ 8500 ਕਰੋੜ ਰੁਪਏ ਦਾ ਮੁੱਦਾ ਉਠਾਇਆ ਹੈ, ਤਾਂ ਜੋ ਇਹ ਪੈਸਾ ਸੂਬੇ ਦੀਆਂ ਸੜਕਾਂ ਅਤੇ ਮੰਡੀਆਂ ਦੇ ਵਿਕਾਸ ‘ਤੇ ਖਰਚ ਕੀਤਾ ਜਾ ਸਕੇ। ਗ੍ਰਹਿ ਮੰਤਰੀ ਨੇ ਇਸ ਸਬੰਧੀ ਜਲਦ ਮੀਟਿੰਗ ਬੁਲਾਉਣ ਅਤੇ ਪਹਿਲੀ ਕਿਸ਼ਤ ਰਿਲੀਜ਼ ਕਰਨ ਦੀ ਗੱਲ ਕਹੀ ਹੈ।
ਸੀਡ ਐਕਟ ਦਾ ਵਿਰੋਧ
ਭਗਵੰਤ ਮਾਨ ਨੇ ਗ੍ਰਹਿ ਮੰਤਰੀ ਨੂੰ ਬੇਨਤੀ ਕੀਤੀ ਕਿ ਸੀਡ ਐਕਟ ਨੂੰ ਸੰਸਦ ਵਿੱਚ ਨਾ ਲਿਆਂਦਾ ਜਾਵੇ। ਉਨ੍ਹਾਂ ਕਿਹਾ ਕਿ ਇਸ ਨਾਲ ਪੰਜਾਬ ਦਾ ਨੁਕਸਾਨ ਹੋਵੇਗਾ। ਪੰਜਾਬ ਦੇ ਕਿਸਾਨ ਆਪਣੀ ਫ਼ਸਲ ਦਾ ਕੁਝ ਹਿੱਸਾ ਬੀਜ ਵਜੋਂ ਰੱਖ ਲੈਂਦੇ ਹਨ। ਜੇਕਰ ਕੰਪਨੀਆਂ ਕਿਸਾਨਾਂ ਨੂੰ ਆਪਣੇ ਕੋਲੋਂ ਹੀ ਬੀਜ ਲੈਣ ਲਈ ਮਜਬੂਰ ਕਰਨਗੀਆਂ, ਤਾਂ ਇਹ ਗਲਤ ਹੋਵੇਗਾ। ਇਸ ਲਈ ਪੰਜਾਬ ਸਰਕਾਰ ਨੇ ਇਸ ਦਾ ਸਖ਼ਤ ਵਿਰੋਧ ਕੀਤਾ ਹੈ।
ਕੰਡਿਆਲੀ ਤਾਰ ਹੋਰ ਅੰਦਰ ਕਰਨ ਦੀ ਮੰਗ
ਮੁੱਖ ਮੰਤਰੀ ਨੇ ਅੰਤਰਰਾਸ਼ਟਰੀ ਸਰਹੱਦ (ਬਾਰਡਰ) ‘ਤੇ ਲੱਗੀ ਕੰਡਿਆਲੀ ਤਾਰ ਨੂੰ ਹੋਰ ਅੰਦਰ ਵੱਲ ਕਰਨ ਦਾ ਮੁੱਦਾ ਵੀ ਚੁੱਕਿਆ। ਉਨ੍ਹਾਂ ਕਿਹਾ ਕਿ ਇਸ ਨਾਲ ਕਿਸਾਨਾਂ ਨੂੰ ਆਪਣੀ ਜ਼ਮੀਨ ‘ਤੇ ਖੇਤੀ ਕਰਨ ਵਿੱਚ ਆਸਾਨੀ ਹੋਵੇਗੀ ਅਤੇ ਸਰਹੱਦੋਂ ਪਾਰ ਹੁੰਦੀ ਤਸਕਰੀ ‘ਤੇ ਵੀ ਲਗਾਮ ਲੱਗੇਗੀ। ਮੁੱਖ ਮੰਤਰੀ ਅਨੁਸਾਰ, ਕੇਂਦਰ ਸਰਕਾਰ ਇਸ ਮੰਗ ‘ਤੇ ਸਹਿਮਤ ਹੋ ਗਈ ਹੈ।