ਖ਼ਬਰਿਸਤਾਨ ਨੈੱਟਵਰਕ: ਜਲੰਧਰ ਦੇ ਆਦਮਪੁਰ ਵਿੱਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਸਵੇਰੇ-ਸਵੇਰੇ ਮੁੱਠਭੇੜ ਹੋਈ। ਇਸ ਦੌਰਾਨ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਮੁਲਜ਼ਮ ਦੋ ਦਿਨ ਪਹਿਲਾਂ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਬਾਹਰ ਹੋਏ ਕੇਸਰ ਧਾਮੀ ਕਤਲ ਕਾਂਡ ਵਿੱਚ ਲੋੜੀਂਦੇ ਸਨ। ਪੁਲਿਸ ਦੀ ਜਵਾਬੀ ਫਾਇਰਿੰਗ ਦੌਰਾਨ ਦੋਵਾਂ ਮੁਲਜ਼ਮਾਂ ਦੀਆਂ ਲੱਤਾਂ ਵਿੱਚ ਗੋਲੀਆਂ ਲੱਗੀਆਂ ਹਨ।
ਡਰੌਲੀ ਕਲਾਂ ਕੋਲ ਵਿਛਾਇਆ ਸੀ ਜਾਲ
ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੁੱਖ ਮੁਲਜ਼ਮ ਜੱਸਾ ਅਤੇ ਉਸ ਦਾ ਸਾਥੀ ਡਰੌਲੀ ਕਲਾਂ ਇਲਾਕੇ ਵਿੱਚ ਛੁਪਾਏ ਹੋਏ ਹਥਿਆਰ ਚੁੱਕਣ ਲਈ ਆ ਰਹੇ ਹਨ। ਜਦੋਂ ਪੁਲਿਸ ਨੇ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ, ਤਾਂ ਬਦਮਾਸ਼ਾਂ ਨੇ ਪੁਲਿਸ ਦੀ ਗੱਡੀ ‘ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਨੇ ਵੀ ਬਚਾਅ ਵਿੱਚ ਗੋਲੀਆਂ ਚਲਾਈਆਂ ਅਤੇ ਦੋਵਾਂ ਨੂੰ ਮੌਕੇ ‘ਤੇ ਹੀ ਕਾਬੂ ਲਿਆ।
ਵਾਰਦਾਤ ਵਿੱਚ ਵਰਤੇ ਹਥਿਆਰ ਕੀਤੇ ਬਰਾਮਦ
ਫੜੇ ਗਏ ਮੁਲਜ਼ਮਾਂ ਕੋਲੋਂ ਪੁਲਿਸ ਨੇ ਦੋ ਪਿਸਤੌਲ ਬਰਾਮਦ ਕੀਤੇ ਹਨ, ਜੋ ਕਤਲ ਦੀ ਵਾਰਦਾਤ ਵਿੱਚ ਵਰਤੇ ਗਏ ਸਨ। ਇਸ ਮੁੱਠਭੇੜ ‘ਚ ਦੋਸ਼ੀਆਂ ਦੇ ਲੱਤਾਂ ‘ਚ ਗੋਲੀਆਂ ਲੱਗੀਆਂ । ਜਿਸ ਤੋਂ ਬਾਅਦ ਪੁਲਿਸ ਨੇ ਜ਼ਖਮੀ ਮੁਲਜ਼ਮਾਂ ਨੂੰ ਇਲਾਜ ਲਈ ਤੁਰੰਤ ਸਿਵਲ ਹਸਪਤਾਲ ਦਾਖਲ ਕਰਵਾਇਆ।
ਕੀ ਸੀ ਪੂਰਾ ਮਾਮਲਾ?
ਐਸ.ਐਸ.ਪੀ. ਹਰਵਿੰਦਰ ਸਿੰਘ ਵਿਰਕ ਅਨੁਸਾਰ, ਇਹ ਕਤਲ 4 ਸਾਲ ਪੁਰਾਣੀ ਰੰਜਿਸ਼ ਦਾ ਨਤੀਜਾ ਸੀ। ਦੋ ਦਿਨ ਪਹਿਲਾਂ ਦੁਪਹਿਰ ਵੇਲੇ ਯੂਨੀਵਰਸਿਟੀ ਦੇ ਬਾਹਰ ਮੁਲਜ਼ਮਾਂ ਨੇ ਪਿੰਡ ਸਦਰਾ ਸੋਢੀਆਂ ਦੇ ਰਹਿਣ ਵਾਲੇ 22 ਸਾਲਾ ਕੇਸਰ ਧਾਮੀ ਦੇ ਸਿਰ ਵਿੱਚ ਗੋਲੀਆਂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਸੀ। ਪੁਲਿਸ ਨੇ 48 ਘੰਟਿਆਂ ਦੇ ਅੰਦਰ ਇਸ ਮਾਮਲੇ ਨੂੰ ਸੁਲਝਾ ਲਿਆ ਹੈ। ਅੱਜ ਸਵੇਰੇ ਸਵੇਰੇ ਦੋਨਾਂ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਹੈ।



