DGCA ਨੇ ਦੁਨੀਆਂ ਦੀ ਸਭ ਤੋਂ ਵੱਡੀ ਏਅਰਲਾਈਨ ਖਿਲਾਫ ਬੀਤੇ ਸਾਲ 2500 ਦੇ ਕਰੀਬ ਉਡਾਣਾਂ ਰੱਦ ਹੋਣ ਤੇ ਹਵਾਈ ਅੱਡਿਆਂ ‘ਤੇ ਯਾਤਰੀਆਂ ਨੂੰ ਹੋਈ ਅਸੁਵਿਧਾ ਕਰਨ ਵੱਡਾ ਐਕਸ਼ਨ ਲਿਆ ਹੈ। ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (DGCA) ਨੇ ਇੰਡੀਗੋ ਏਅਰਲਾਈਨ ‘ਤੇ ਵੱਡੀ ਕਾਰਵਾਈ ਕਰਦੇ ਹੋਏ 22.20 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਇਹ ਕਾਰਵਾਈ ਨਿਯਮਾਂ ਦੀ ਉਲੰਘਣਾ ਕਰਨ ਕਰਕੇ ਕੀਤੀ ਗਈ ਹੈ।
ਇਸ ਕਾਰਣ ਲਗਾਇਆ ਜੁਰਮਾਨਾ
ਜਾਂਚ ਵਿੱਚ ਸਾਹਮਣੇ ਆਇਆ ਹੈ ਕਿ 3 ਤੋਂ 5 ਦਸੰਬਰ 2025 ਦੇ ਵਿਚਕਾਰ ਇੰਡੀਗੋ ਦੀਆਂ 2507 ਫਲਾਈਟਾਂ ਰੱਦ ਹੋਈਆਂ ਸਨ ਅਤੇ 1852 ਫਲਾਈਟਾਂ ਦੇਰੀ ਨਾਲ ਚੱਲੀਆਂ ਸਨ। ਇਸ ਕਾਰਨ ਲਗਭਗ 3 ਲੱਖ ਤੋਂ ਵੱਧ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕੰਪਨੀ ਨੇ ਕਰੂ ਮੈਂਬਰਾਂ ਦੀ ਡਿਊਟੀ ਦੇ ਨਿਯਮਾਂ (FDTL) ਦੀ ਵੀ 68 ਦਿਨਾਂ ਤੱਕ ਉਲੰਘਣਾ ਕੀਤੀ ਸੀ।
ਜਾਂਚ ਕਮੇਟੀ ਨੇ ਇੰਡਿਗੋ ਸੰਕਟ ਦੇ ਦੱਸੇ 4 ਕਾਰਣ
DGCA ਦੀ ਕਮੇਟੀ ਮੁਤਾਬਕ ਇੰਡੀਗੋ ਪ੍ਰਬੰਧਨ ਨੇ ਐਮਰਜੈਂਸੀ ਹਾਲਾਤਾਂ ਨਾਲ ਨਜਿੱਠਣ ਲਈ ਕੋਈ ਪੁਖਤਾ ਤਿਆਰੀ ਨਹੀਂ ਕੀਤੀ ਸੀ। ਕੰਪਨੀ ਨੇ ਆਪਣੇ ਜਹਾਜ਼ਾਂ ਅਤੇ ਸਟਾਫ ਦੀ ਵਰਤੋਂ ਕਰਨ ‘ਤੇ ਜ਼ਰੂਰਤ ਤੋਂ ਜ਼ਿਆਦਾ ਜ਼ੋਰ ਦਿੱਤਾ, ਜਿਸ ਕਾਰਨ ਸਟਾਫ ਕੋਲ ਆਰਾਮ ਲਈ ਬਹੁਤ ਘੱਟ ਸਮਾਂ ਬਚਿਆ। ਇਸ ਨਾਲ ਪੂਰਾ ਸਿਸਟਮ ਫੇਲ ਹੋ ਗਿਆ।
ਵੱਡੇ ਅਧਿਕਾਰੀਆਂ ‘ਤੇ ਵੀ ਡਿੱਗੀ ਗਾਜ਼
DGCA ਨੇ ਸਿਰਫ ਜੁਰਮਾਨਾ ਹੀ ਨਹੀਂ ਲਗਾਇਆ, ਸਗੋਂ ਕੰਪਨੀ ਦੇ ਅਧਿਕਾਰੀਆਂ ‘ਤੇ ਵੀ ਸਖ਼ਤ ਕਾਰਵਾਈ ਕੀਤੀ ਹੈ
CEO ਨੂੰ ਕੰਮ ਵਿੱਚ ਲਾਪਰਵਾਹੀ ਲਈ ਚੇਤਾਵਨੀ (Caution) ਦਿੱਤੀ ਗਈ ਹੈ।
COO ਨੂੰ ਨਿਯਮਾਂ ਦਾ ਸਹੀ ਅੰਦਾਜ਼ਾ ਨਾ ਲਗਾਉਣ ਲਈ ਵਾਰਨਿੰਗ ਦਿੱਤੀ ਗਈ।
ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ ਅਤੇ ਭਵਿੱਖ ਵਿੱਚ ਕਿਸੇ ਵੱਡੀ ਜ਼ਿੰਮੇਵਾਰੀ ‘ਤੇ ਨਿਯੁਕਤ ਨਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।