ਜੰਮੂ–ਕਸ਼ਮੀਰ ਦੇ ਡੋਡਾ ਜ਼ਿਲ੍ਹੇ ਵਿੱਚ ਅੱਜ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਦੋਂ ਫੌਜ ਦੇ ਜਵਾਨਾਂ ਨੂੰ ਲੈ ਕੇ ਜਾ ਰਹੀ ਇੱਕ ਗੱਡੀ ਭਦਰਵਾਹ–ਚੰਬਾ ਇੰਟਰਸਟੇਟ ਰੋਡ ‘ਤੇ ਖੰਨੀ ਟਾਪ ਨੇੜੇ ਬੇਕਾਬੂ ਹੋ ਕੇ ਕਰੀਬ 200 ਫੁੱਟ ਡੂੰਘੀ ਖਾਈ ਵਿੱਚ ਜਾ ਡਿੱਗੀ। ਇਸ ਦਰਦਨਾਕ ਹਾਦਸੇ ਵਿੱਚ 10 ਜਵਾਨਾਂ ਦੀ ਮੌਤ ਹੋ ਗਈ, ਜਦਕਿ 11 ਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।
ਵਾਹਨ ਵਿੱਚ ਕੁੱਲ 21 ਜਵਾਨ ਸਵਾਰ ਸਨ
ਫੌਜ ਦੇ ਇੱਕ ਸੀਨੀਅਰ ਅਧਿਕਾਰੀ ਅਨੁਸਾਰ, ਹਾਦਸੇ ਦੇ ਸਮੇਂ ਵਾਹਨ ਵਿੱਚ ਕੁੱਲ 21 ਜਵਾਨ ਸਵਾਰ ਸਨ। ਗੰਭੀਰ ਜ਼ਖ਼ਮੀ ਜਵਾਨਾਂ ਨੂੰ ਤੁਰੰਤ ਏਅਰਲਿਫ਼ਟ ਕਰਕੇ ਉਧਮਪੁਰ ਦੇ ਮਿਲਟਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ।
ਅਧਿਕਾਰੀ ਨੇ ਦੱਸਿਆ ਕਿ ਸਾਰੇ ਜਵਾਨ ਉੱਚੇ ਇਲਾਕੇ ਵਿੱਚ ਸਥਿਤ ਇੱਕ ਪੋਸਟ ਵੱਲ ਜਾ ਰਹੇ ਸਨ। ਇਸ ਦੌਰਾਨ ਵਾਹਨ ਚਾਲਕ ਦਾ ਗੱਡੀ ‘ਤੇ ਕਾਬੂ ਨਾ ਰਹਿਣ ਕਾਰਨ ਇਹ ਹਾਦਸਾ ਵਾਪਰਿਆ। ਘਟਨਾ ਤੋਂ ਬਾਅਦ ਫੌਜ, ਪੁਲਿਸ ਅਤੇ ਸਥਾਨਕ ਲੋਕਾਂ ਨੇ ਮਿਲ ਕੇ ਰਾਹਤ ਅਤੇ ਬਚਾਅ ਕਾਰਵਾਈ ਸ਼ੁਰੂ ਕੀਤੀ। ਫਿਲਹਾਲ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੂਰੇ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ।



