ਖ਼ਬਰਿਸਤਾਨ ਨੈੱਟਵਰਕ: ਅੰਮ੍ਰਿਤਸਰ ਦੇ ਹਾਲਗੇਟ ਇਲਾਕੇ ‘ਚ ਸਾਲਾਂ ਪੁਰਾਣੀ ਚਾਰ ਮੰਜ਼ਿਲਾ ਇਮਾਰਤ ਅਚਾਨਕ ਢਹਿ-ਢੇਰੀ ਹੋ ਗਈ। ਜਿਸ ਕਾਰਣ ਮੌਕੇ ‘ਤੇ ਹਫੜਾ-ਤਫੜੀ ਮੱਛ ਗਈ। ਧਮਾਕੇ ਵਰਗੀ ਤੇਜ਼ ਆਵਾਜ਼ ਸੁਣਦਿਆਂ ਲੋਕ ਘਬਰਾ ਕੇ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ। ਹਾਦਸੇ ਦੌਰਾਨ ਗਲੀ ਵਿੱਚ ਖੜ੍ਹੇ ਦੋ ਮੋਟਰਸਾਈਕਲ ਮਲਬੇ ਹੇਠ ਦੱਬ ਗਏ। ਹਾਲਾਂਕਿ ਇਸ ਹਾਦਸੇ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਜਾਣਕਾਰੀ ਅਨੁਸਾਰ ਇਮਾਰਤ ਕਾਫੀ ਪੁਰਾਣੀ ਅਤੇ ਖਸਤਾ ਹਾਲਤ ਵਿੱਚ ਸੀ, ਪਰ ਕਿਸੇ ਨੂੰ ਅੰਦਾਜ਼ਾ ਨਹੀਂ ਸੀ ਕਿ ਇਹ ਅਚਾਨਕ ਡਿੱਗ ਜਾਵੇਗੀ।ਇਸ ਤੋਂ ਇਲਾਵਾ ਨੇੜੇ ਸਥਿਤ ਭਗਵਾਨ ਵਾਲਮੀਕਿ ਜੀ ਦੇ ਮੰਦਰ ਦੀ ਬਾਲਕਨੀ ਵੀ ਨੁਕਸਾਨੀ ਗਈ।
ਜਿਸ ਗਲੀ ਵਿੱਚ ਇਮਾਰਤ ਡਿੱਗੀ, ਉਹ ਮੁਹੱਲੇ ਦੇ ਲੋਕਾਂ ਲਈ ਦੂਜੀ ਪਾਸੇ ਜਾਣ ਦਾ ਮੁੱਖ ਰਸਤਾ ਸੀ। ਇਮਾਰਤ ਡਿੱਗਣ ਤੋਂ ਬਾਅਦ ਰਸਤਾ ਪੂਰੀ ਤਰ੍ਹਾਂ ਬੰਦ ਹੋ ਗਿਆ, ਜਿਸ ਕਾਰਨ ਲੋਕਾਂ ਨੂੰ ਘੁੰਮ ਕੇ ਜਾਣਾ ਪਿਆ। ਸਥਾਨਕ ਨਿਵਾਸੀ ਅਨਿਲ ਨੇ ਦੱਸਿਆ ਕਿ ਇਹ ਬਿਲਡਿੰਗ ਕਈ ਦਹਾਕੇ ਪੁਰਾਣੀ ਸੀ ਅਤੇ ਇਸ ਦੀ ਹਾਲਤ ਲਗਾਤਾਰ ਖਰਾਬ ਹੁੰਦੀ ਜਾ ਰਹੀ ਸੀ।
ਹਾਦਸੇ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਮੌਕੇ ‘ਤੇ ਪਹੁੰਚ ਗਿਆ ਅਤੇ ਤੁਰੰਤ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ। ਗਨੀਮਤ ਰਹੀ ਕਿ ਹਾਦਸੇ ਦੇ ਸਮੇਂ ਇਮਾਰਤ ਦੇ ਅੰਦਰ ਕੋਈ ਮੌਜੂਦ ਨਹੀਂ ਸੀ, ਜਿਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਹਾਲਾਂਕਿ ਮਲਬਾ ਗਲੀ ਵਿੱਚ ਫੈਲ ਜਾਣ ਕਾਰਨ ਦੇਰ ਰਾਤ ਤੱਕ ਪਰੇਸ਼ਾਨੀ ਬਣੀ ਰਹੀ। ਪ੍ਰਸ਼ਾਸਨ ਦੀ ਮਦਦ ਨਾਲ ਮਲਬਾ ਹਟਾਉਣ ਦਾ ਕੰਮ ਚੱਲਦਾ ਰਿਹਾ।
ਫਿਲਹਾਲ ਇਲਾਕੇ ਨੂੰ ਸੁਰੱਖਿਅਤ ਕਰ ਦਿੱਤਾ ਗਿਆ ਹੈ ਅਤੇ ਪ੍ਰਸ਼ਾਸਨ ਵੱਲੋਂ ਆਲੇ-ਦੁਆਲੇ ਦੀਆਂ ਪੁਰਾਣੀਆਂ ਇਮਾਰਤਾਂ ਦੀ ਜਾਂਚ ਦੀ ਗੱਲ ਕਹੀ ਜਾ ਰਹੀ ਹੈ, ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੇ ਹਾਦਸਿਆਂ ਨੂੰ ਰੋਕਿਆ ਜਾ ਸਕੇ।