ਖ਼ਬਰਿਸਤਾਨ ਨੈੱਟਵਰਕ:ਜਲੰਧਰ ‘ਚ ਵੈਸਟ ਹਲਕੇ ਵਿੱਚ ਪੁਲਿਸ ਅਤੇ ਆਬਕਾਰੀ ਵਿਭਾਗ ਨੇ ਇੱਕ ਸਾਂਝੀ ਕਾਰਵਾਈ ਕਰਦਿਆਂ ਰਾਜੂ ਚੌਹਾਨ ਦੇ ਘਰ ਛਾਪੇਮਾਰੀ ਕੀਤੀ ਹੈ। ਸੂਚਨਾ ਮੁਤਾਬਕ ਛਾਪੇਮਾਰੀ ਵਿੱਚ ਘਰੋਂ 50 ਤੋਂ 60 ਪੇਟੀਆਂ ਨਾਜਾਇਜ਼ ਵਿਸਕੀ ਬਰਾਮਦ ਹੋਈਆਂ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਆਬਕਾਰੀ ਵਿਭਾਗ ਦੇ ਅਧਿਕਾਰੀ ਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਿਸ ਦੇ ਨਾਲ ਮਿਲ ਕੇ ਗੁਪਤ ਸੂਚਨਾ ਦੇ ਆਧਾਰ ‘ਤੇ ਘਰ ‘ਚ ਛਾਪੇਮਾਰੀ ਕੀਤੀ। ਉੱਥੇ ਹੀ ਰਾਜੂ ਚੌਹਾਨ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਕਾਰਵਾਈ ਦੌਰਾਨ ਮੌਕੇ ‘ਤੇ ਆਬਕਾਰੀ ਵਿਭਾਗ ਦੀ ਟੀਮ ਦੇ ਨਾਲ SP , ACP ਅਤੇ SHO ਵੀ ਮੌਜੂਦ ਸਨ।
ਨਾਜਾਇਜ਼ ਸ਼ਰਾਬ ਦੇ ਵੱਡੇ ਕਾਰੋਬਾਰ ਦਾ ਰਾਜਿੰਦਰ ਕੁਮਾਰ ਉਰਫ਼ ਰਾਜੂ ਚੌਹਾਨ ਦੇ ਨਾਖਾ ਵਾਲਾ ਬਾਗ, ਮਧੂਬਨ ਕਾਲੋਨੀ ਵਿੱਚ ਸਥਿਤ ਘਰ ‘ਚ ਛਾਪੇਮਾਰੀ ਦੌਰਾਨ ਭਾਰੀ ਮਾਤਰਾ ਵਿੱਚ ਸ਼ਰਾਬ ਬਰਾਮਦ ਕੀਤੀ ਗਈ ਹੈ। ਜਾਂਚ ਵਿੱਚ ਸਾਹਮਣੇ ਆਇਆ ਕਿ ਰਾਜੂ ਚੌਹਾਨ ਆਪਣੀ ਰਿਹਾਇਸ਼ੀ ਇਮਾਰਤ ਦੀ ਵਰਤੋਂ ਗ਼ਲਤ ਕੰਮਾਂ ਲਈ ਕਰ ਰਿਹਾ ਸੀ।
ਮੌਕੇ ‘ਤੇ ਏਸੀਪੀ ਆਤਿਸ਼ ਭਾਟੀਆ, ਐਸਐਚਓ ਅਤੇ ਆਬਕਾਰੀ ਅਧਿਕਾਰੀ ਮਨਜੀਤ ਸਿੰਘ ਸਮੇਤ ਭਾਰੀ ਪੁਲਿਸ ਫੋਰਸ ਮੌਜੂਦ ਸੀ। ਹਾਲਾਂਕਿ ਨਗਰ ਨਿਗਮ ਦੀ ਟੀਮ ਨੂੰ ਵੀ ਮੌਕੇ ‘ਤੇ ਬੁਲਾਇਆ ਗਿਆ, ਜੋ ਹੁਣ ਇਮਾਰਤ ਸਬੰਧੀ ਬਣਦੀ ਕਾਰਵਾਈ ਕਰੇਗੀ। ਗ੍ਰਿਫ਼ਤਾਰੀ ਤੋਂ ਬਾਅਦ ਉਸ ਦੇ ਪੁਰਾਣੇ ਰਿਕਾਰਡ ਦੀ ਵੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਸ਼ਰਾਬ ਤੋਂ ਇਲਾਵਾ ਮੌਕੇ ਤੋਂ 4 ਸਿਲੰਡਰ ਵੀ ਬਰਾਮਦ ਕੀਤੇ ਗਏ ਹਨ। ਏਸੀਪੀ ਨੇ ਦੱਸਿਆ ਕਿ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਤੋਂ ਬਾਅਦ ਇਹ ਸਾਮਾਨ ਉਨ੍ਹਾਂ ਨੂੰ ਵਾਪਸ ਕਰ ਦਿੱਤਾ ਜਾਵੇਗਾ।