ਖ਼ਬਰਿਸਤਾਨ ਨੈੱਟਵਰਕ: ਜਲੰਧਰ ਵਿੱਚ ਮਸ਼ਹੂਰ ਸੂਫ਼ੀ ਗਾਇਕਾ ਜੋੜੀ ਨੂਰਾਂ ਸਿਸਟਰਜ਼ ਨੂੰ ਲੈ ਕੇ ਵਿਵਾਦ ਤੇਜ਼ ਹੋ ਗਿਆ ਹੈ। ਉਨ੍ਹਾਂ ਦੇ ਪਿਤਾ ਗੁਲਸ਼ਨ ਮੀਰ ਕਿਡਨੀ ਹਸਪਤਾਲ ਵਿੱਚ ਭਰਤੀ ਹਨ ਅਤੇ ਉਨ੍ਹਾਂ ਦਾ ਕਿਡਨੀ ਟ੍ਰਾਂਸਪਲਾਂਟ ਹੋਣਾ ਹੈ। ਇਸੇ ਦੌਰਾਨ ਪਰਿਵਾਰ ਦੇ ਅੰਦਰੂਨੀ ਵਿਵਾਦ ਖੁੱਲ੍ਹ ਕੇ ਸਾਹਮਣੇ ਆ ਗਏ ਹਨ, ਜਿਸ ਨੇ ਹੁਣ ਤੂਲ ਫੜ ਲਿਆ ਹੈ।
ਗੁਲਸ਼ਨ ਮੀਰ ਦੇ ਇਲਾਜ ਦੌਰਾਨ ਹੀ ਨੂਰਾਂ ਸਿਸਟਰਜ਼, ਰਿਤੂ ਨੂਰਾਂ ਅਤੇ ਭਰਾ ਸਾਹਿਲ ਵਿਚਕਾਰ ਕਲੇਸ਼ ਗਹਿਰਾ ਗਿਆ। ਇਸ ਵਿਚਾਲੇ ਸਾਹਿਲ ਨੇ ਇੱਕ ਆਡੀਓ ਕਲਿੱਪ ਵਾਇਰਲ ਕੀਤੀ ਹੈ, ਜਿਸ ਵਿੱਚ ਉਸਮਾਨ ਨਾਮ ਦੇ ਵਿਅਕਤੀ ‘ਤੇ ਧਮਕੀ ਦੇਣ ਦੇ ਇਲਜ਼ਾਮ ਲਗਾਏ ਗਏ ਹਨ।
ਵਾਇਰਲ ਹੋ ਰਹੀ ਹੈ ਦੋਵਾਂ ਦੀ ਗੱਲਬਾਤ
ਵਾਇਰਲ ਆਡੀਓ ਵਿੱਚ ਇੱਕ ਵਿਅਕਤੀ ਗੁਲਸ਼ਨ ਮੀਰ ਦੀ ਤਸਵੀਰ ਅਤੇ ਸਕੈਨ ਰਿਪੋਰਟ ਸੋਸ਼ਲ ਮੀਡੀਆ ‘ਤੇ ਵਾਇਰਲ ਨਾ ਕਰਨ ਦੀ ਅਪੀਲ ਕਰਦਾ ਸੁਣਾਈ ਦਿੰਦਾ ਹੈ। ਉਹ ਦਾਅਵਾ ਕਰਦਾ ਹੈ ਕਿ ਉਸ ਨੂੰ ਕਿਸੇ ਨੇ ਅਜਿਹਾ ਕਰਨ ਲਈ ਨਹੀਂ ਕਿਹਾ, ਸਗੋਂ ਉਹ ਖੁਦ ਇਹ ਅਪੀਲ ਕਰ ਰਿਹਾ ਹੈ ਤਾਂ ਜੋ ਪਰਿਵਾਰ ਦਾ ਅਕਸ ਖਰਾਬ ਨਾ ਹੋਵੇ। ਇਸ ‘ਤੇ ਸਾਹਿਲ ਜਵਾਬ ਦਿੰਦਿਆਂ ਕਹਿੰਦਾ ਹੈ ਕਿ ਪਿਛਲੇ ਤਿੰਨ ਸਾਲਾਂ ਤੋਂ ਉਨ੍ਹਾਂ ਦਾ ਘਰ ਵੀ ਪ੍ਰਭਾਵਿਤ ਹੋ ਰਿਹਾ ਹੈ, ਉਸ ਦਾ ਕੀ ਕੀਤਾ ਜਾਵੇ।
ਸਾਹਿਲ ਨੇ ਵਿਅਕਤੀ ‘ਤੇ ਧਮਕੀ ਦੇਣ ਦਾ ਲਾਇਆ ਇਲਜ਼ਾਮ
ਗੱਲਬਾਤ ਦੌਰਾਨ ਦੋਵਾਂ ਵਿਚਾਲੇ ਤਿੱਖੀ ਬਹਿਸ ਹੁੰਦੀ ਹੈ ਅਤੇ ਅੰਤ ਵਿੱਚ ਕਾਲ ਕੱਟ ਦਿੱਤੀ ਜਾਂਦੀ ਹੈ। ਸਾਹਿਲ ਦਾ ਇਲਜ਼ਾਮ ਹੈ ਕਿ ਗੱਲਬਾਤ ਦੌਰਾਨ ਉਸ ਨੂੰ ਰਿਕਾਰਡਿੰਗ ਸ਼ੇਅਰ ਕਰਨ ‘ਤੇ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੱਤੀ ਗਈ। ਉੱਥੇ ਹੀ ਇੱਕ ਹੋਰ ਵੀਡੀਓ ਵਿੱਚ ਸਾਹਿਲ ਨੇ ਕਿਹਾ ਕਿ ਉਸ ਨੇ ਸਬੰਧਤ ਵਿਅਕਤੀ ਨੂੰ ਮਿਲਣ ਲਈ ਮੈਸੇਜ ਵੀ ਕੀਤਾ ਸੀ, ਪਰ ਕੋਈ ਜਵਾਬ ਨਹੀਂ ਮਿਲਿਆ।
ਹਾਲ ਹੀ ਵਿੱਚ ਰਿਤੂ ਨੂਰਾਂ ਨੇ ਮੰਗੀ ਸੀ ਮਦਦ
ਹਾਲ ਹੀ ਵਿੱਚ ਰਿਤੂ ਨੂਰਾਂ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰਕੇ ਸਕੈਨ ਰਿਪੋਰਟ ਰਾਹੀਂ ਲੋਕਾਂ ਤੋਂ ਆਰਥਿਕ ਮਦਦ ਦੀ ਅਪੀਲ ਕੀਤੀ ਸੀ। ਇਸ ਤੋਂ ਬਾਅਦ ਕਈ ਕਲਾਕਾਰ ਮਦਦ ਲਈ ਅੱਗੇ ਆਏ। ਹਾਲਾਂਕਿ, ਇਸ ਤੋਂ ਬਾਅਦ ਵਿਵਾਦ ਹੋਰ ਵਧਦਾ ਨਜ਼ਰ ਆ ਰਿਹਾ ਹੈ। ਵਿਵਾਦ ਉਦੋਂ ਹੋਰ ਵਧ ਗਿਆ ਜਦੋਂ ਉਸਮਾਨ ਵੱਲੋਂ ਸਾਹਿਲ ਦੀ ਇੱਕ ਕੁੜੀ ਨਾਲ ਤਸਵੀਰ ਨੂੰ ਲੈ ਕੇ ਪੋਸਟ ਵਾਇਰਲ ਕੀਤੀ ਗਈ। ਇਸ ਤੋਂ ਬਾਅਦ ਰਿਤੂ ਨੂਰਾਂ, ਸਾਹਿਲ ਅਤੇ ਉਨ੍ਹਾਂ ਦੀ ਮਾਤਾ ਪੁਲਿਸ ਥਾਣੇ ਪਹੁੰਚੇ ਅਤੇ ਉਸਮਾਨ ਖਿਲਾਫ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਕਿਹਾ ਹੈ ਕਿ ਉਸਮਾਨ ਨੂੰ ਜਲਦ ਥਾਣੇ ਬੁਲਾ ਕੇ ਪੁੱਛਗਿੱਛ ਕੀਤੀ ਜਾਵੇਗੀ।
ਨਿੱਜੀ ਜ਼ਿੰਦਗੀ ਦੀਆਂ ਤਸਵੀਰਾਂ ਸਾਂਝੀਆਂ ਕਰਨਾ ਗਲਤ
ਰਿਤੂ ਨੂਰਾਂ ਨੇ ਕਿਹਾ ਕਿ ਉਨ੍ਹਾਂ ਦੀਆਂ ਭੈਣਾਂ ਲੰਮੇ ਸਮੇਂ ਤੋਂ ਕੰਮ ਕਰ ਰਹੀਆਂ ਹਨ ਅਤੇ ਆਪਣੀ ਪਛਾਣ ਬਣਾ ਚੁੱਕੀਆਂ ਹਨ, ਪਰ ਪਰਿਵਾਰ ਦੀ ਸਥਿਤੀ ਨੂੰ ਲੈ ਕੇ ਗਲਤ ਗੱਲਾਂ ਫੈਲਾਈਆਂ ਜਾ ਰਹੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਦੀ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕਰਨਾ ਗਲਤ ਹੈ।
ਪਿਤਾ ਦੇ ਇਲਾਜ ‘ਤੇ ਪਹਿਲਾਂ ਹੀ ਕਾਫੀ ਪੈਸਾ ਖਰਚ ਹੋ ਚੁੱਕਾ ਹੈ ਅਤੇ ਹੁਣ ਮਦਦ ਲਈ ਲੋਕਾਂ ਨੂੰ ਅਪੀਲ ਕਰਨੀ ਪਈ। ਉਹ ਪਿਛਲੇ ਚਾਰ ਮਹੀਨਿਆਂ ਤੋਂ ਆਪਣੀਆਂ ਭੈਣਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਕੋਈ ਹੁੰਗਾਰਾ ਨਹੀਂ ਮਿਲਿਆ।