ਚੰਡੀਗੜ੍ਹ ਪ੍ਰਸ਼ਾਸਨ ਨੇ ਕੈਬ ਸੇਵਾ ਕੰਪਨੀ ਓਲਾ ਦੀ ਮੂਲ ਕੰਪਨੀ ANI Technologies Private Limited ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਉਸਦਾ ਐਗਰੀਗੇਟਰ ਲਾਇਸੈਂਸ 6 ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਹੈ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ।
ਇਹ ਕਾਰਵਾਈ ਚੰਡੀਗੜ੍ਹ ਮੋਟਰ ਵਹੀਕਲ ਐਗਰੀਗੇਟਰ ਨਿਯਮ, 2025 ਦੀ ਕਥਿਤ ਉਲੰਘਣਾ ਦੇ ਮਾਮਲੇ ਵਿੱਚ ਕੀਤੀ ਗਈ ਹੈ। ਸਟੇਟ ਟਰਾਂਸਪੋਰਟ ਅਥਾਰਟੀ (STA) ਦੇ ਸਕੱਤਰ ਨਿਤੀਸ਼ ਸਿੰਗਲਾ, ਜੋ ਲਾਇਸੈਂਸ ਜਾਰੀ ਕਰਨ ਵਾਲੇ ਅਧਿਕਾਰੀ ਵੀ ਹਨ, ਵੱਲੋਂ ਇਹ ਹੁਕਮ ਜਾਰੀ ਕੀਤਾ ਗਿਆ।
ਪ੍ਰਸ਼ਾਸਨ ਅਨੁਸਾਰ ਕੰਪਨੀ ਨੂੰ 15 ਜਨਵਰੀ 2024 ਨੂੰ ਐਗਰੀਗੇਟਰ ਲਾਇਸੈਂਸ ਦਿੱਤਾ ਗਿਆ ਸੀ। ਬਾਅਦ ਵਿੱਚ ਇਹ ਲਾਇਸੈਂਸ ਚੰਡੀਗੜ੍ਹ ਮੋਟਰ ਵਹੀਕਲ ਐਗਰੀਗੇਟਰ ਨਿਯਮ, 2025 ਦੇ ਦਾਇਰੇ ਵਿੱਚ ਆ ਗਿਆ। ਇਸ ਦੌਰਾਨ ਕੈਬ ਡਰਾਈਵਰਾਂ ਅਤੇ ਹੋਰ ਸਰੋਤਾਂ ਵੱਲੋਂ ਮਿਲੀਆਂ ਸ਼ਿਕਾਇਤਾਂ ਵਿੱਚ ਡਰਾਈਵਰਾਂ ਲਈ ਸਿਹਤ ਬੀਮਾ, ਜੀਵਨ ਬੀਮਾ, ਲਾਜ਼ਮੀ ਟ੍ਰੇਨਿੰਗ ਅਤੇ ਕਿਰਾਏ ਨਾਲ ਜੁੜੇ ਨਿਯਮਾਂ ਦੀ ਉਲੰਘਣਾ ਦੇ ਦੋਸ਼ ਲਗਾਏ ਗਏ।
ਅਥਾਰਟੀ ਨੇ ਦੱਸਿਆ ਕਿ ਜੁਲਾਈ 2025 ਤੋਂ ਕੰਪਨੀ ਨੂੰ ਕਈ ਵਾਰ ਨੋਟਿਸ, ਈ-ਮੇਲ ਅਤੇ ਮੀਟਿੰਗਾਂ ਰਾਹੀਂ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ, ਪਰ ਸੰਤੋਸ਼ਜਨਕ ਜਵਾਬ ਨਹੀਂ ਮਿਲਿਆ। ਜਾਂਚ ਕਮੇਟੀ ਨੇ ਇਹ ਵੀ ਪਾਇਆ ਕਿ ਕੰਪਨੀ ਨੇ ਆਪਣਾ ਚੰਡੀਗੜ੍ਹ ਸਥਿਤ ਦਫ਼ਤਰ ਕਰੀਬ ਇੱਕ ਸਾਲ ਪਹਿਲਾਂ ਬਦਲ ਦਿੱਤਾ ਸੀ, ਜਿਸ ਬਾਰੇ ਪ੍ਰਸ਼ਾਸਨ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ।
ਇਸ ਤੋਂ ਇਲਾਵਾ ਓਲਾ ਦੇ ਸਬਸਕ੍ਰਿਪਸ਼ਨ ਮਾਡਲ ਨੂੰ ਲੈ ਕੇ ਵੀ ਸਵਾਲ ਉੱਠੇ। ਦੋਸ਼ ਹੈ ਕਿ ਕੈਬ ਚਾਲਕਾਂ ਨੂੰ ਪਲੇਟਫਾਰਮ ਦੀ ਵਰਤੋਂ ਲਈ ਪਹਿਲਾਂ ਤੋਂ ਭੁਗਤਾਨ ਵਾਲੇ ਸਬਸਕ੍ਰਿਪਸ਼ਨ ਰਿਚਾਰਜ ਕਰਵਾਉਣ ਲਈ ਕਿਹਾ ਜਾਂਦਾ ਸੀ, ਜਿਸਨੂੰ ਨਿਯਮਾਂ ਦੇ ਉਲਟ ਮੰਨਿਆ ਗਿਆ।
ਸਾਰੀਆਂ ਰਿਪੋਰਟਾਂ ਅਤੇ ਕਮੇਟੀ ਦੀਆਂ ਸਿਫਾਰਸ਼ਾਂ ਦੇ ਆਧਾਰ ‘ਤੇ ਲਾਇਸੈਂਸਿੰਗ ਅਥਾਰਟੀ ਨੇ ਚੰਡੀਗੜ੍ਹ ਮੋਟਰ ਵਹੀਕਲ ਐਗਰੀਗੇਟਰ ਨਿਯਮ, 2025 ਦੀ ਧਾਰਾ 17 ਤਹਿਤ ਕਾਰਵਾਈ ਕਰਦਿਆਂ ਓਲਾ ਦਾ ਐਗਰੀਗੇਟਰ ਲਾਇਸੈਂਸ ਛੇ ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਹੈ।