ਪੰਜਾਬ ਪੁਲਿਸ ਵਿੱਚ 3,298 ਕਾਂਸਟੇਬਲ (ਜ਼ਿਲ੍ਹਾ ਤੇ ਆਰਮਡ ਕੈਡ) ਲਈ ਭਰਤੀ ਪ੍ਰਕਿਰਿਆ ਅੱਗੇ ਵੱਧ ਗਈ ਹੈ। ਵਿਭਾਗ ਨੇ ਜ਼ਿਲ੍ਹਾ ਅਤੇ ਆਰਮਡ ਕੈਡਰ ਭਰਤੀ-2026 ਲਈ ਕੰਪਿਊਟਰ ਆਧਾਰਿਤ ਪ੍ਰੀਖਿਆ (CBT) ਦੀ ਤਰੀਕ ਦਾ ਐਲਾਨ ਕਰ ਦਿੱਤਾ ਹੈ। ਇਹ ਪ੍ਰੀਖਿਆ 1 ਜੁਲਾਈ 2026 ਤੋਂ ਸ਼ੁਰੂ ਹੋਵੇਗੀ।
ਪੰਜਾਬ ਪੁਲਿਸ ਵੱਲੋਂ ਆਪਣੇ X ਹੈਂਡਲ ‘ਤੇ ਸਾਂਝੀ ਕੀਤੀ ਜਾਣਕਾਰੀ ਮੁਤਾਬਕ CBT ਦੇ ਐਡਮਿਟ ਕਾਰਡ ਜਲਦ ਜਾਰੀ ਕੀਤੇ ਜਾਣਗੇ। ਉਮੀਦਵਾਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਪ੍ਰੀਖਿਆ ਨਾਲ ਜੁੜੀਆਂ ਨਵੀਆਂ ਜਾਣਕਾਰੀਆਂ ਲਈ ਅਧਿਕਾਰਤ ਵੈੱਬਸਾਈਟ ‘ਤੇ ਨਿਯਮਿਤ ਨਜ਼ਰ ਰੱਖਣ।
3298 ਕਾਂਸਟੇਬਲ ਹੋਣਗੇ ਭਰਤੀ
ਇਸ ਭਰਤੀ ਅਧੀਨ ਕੁੱਲ 3,298 ਅਸਾਮੀਆਂ (Vacancies) ਭਰੀਆਂ ਜਾਣਗੀਆਂ, ਜਿਨ੍ਹਾਂ ਵਿੱਚ 2,522 ਅਸਾਮੀਆਂ ਜ਼ਿਲ੍ਹਾ ਕੈਡਰ ਅਤੇ 776 ਅਸਾਮੀਆਂ ਆਰਮਡ ਕੈਡਰ ਲਈ ਹਨ।
ਚੋਣ ਪ੍ਰਕਿਰਿਆ ਤਹਿਤ ਸਭ ਤੋਂ ਪਹਿਲਾਂ ਉਮੀਦਵਾਰਾਂ ਨੂੰ ਕੰਪਿਊਟਰ ਬੇਸਡ ਟੈਸਟ (CBT) ਦੇਣਾ ਹੋਵੇਗਾ। ਇਸ ਵਿੱਚ ਸਫਲ ਉਮੀਦਵਾਰਾਂ ਨੂੰ ਫਿਜ਼ੀਕਲ ਸਕ੍ਰੀਨਿੰਗ ਟੈਸਟ (PST), ਦਸਤਾਵੇਜ਼ਾਂ ਦੀ ਜਾਂਚ ਅਤੇ ਮੈਡੀਕਲ ਟੈਸਟ ਲਈ ਬੁਲਾਇਆ ਜਾਵੇਗਾ। ਸਾਰੇ ਪੜਾਵਾਂ ਵਿੱਚ ਕਾਮਯਾਬ ਉਮੀਦਵਾਰਾਂ ਦੀ ਮੈਰਿਟ ਸੂਚੀ ਤਿਆਰ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਨੇ ਮਾਰਚ 2026 ਵਿੱਚ ਇਹ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਅਰਜ਼ੀਆਂ ਦੀ ਆਖਰੀ ਤਰੀਕ ਪਹਿਲਾਂ 30 ਮਾਰਚ ਸੀ, ਜਿਸ ਨੂੰ ਬਾਅਦ ਵਿੱਚ ਵਧਾ ਕੇ 5 ਮਈ 2026 ਕਰ ਦਿੱਤਾ ਗਿਆ ਸੀ। ਇਸ ਕਾਰਨ ਵੱਡੀ ਗਿਣਤੀ ਵਿੱਚ ਉਮੀਦਵਾਰਾਂ ਨੇ ਅਪਲਾਈ ਕੀਤਾ।