ਖ਼ਬਰਿਸਤਾਨ ਨੈੱਟਵਰਕ: ਵੇਨੇਜ਼ੁਏਲਾ ਵਿੱਚ ਕੁਦਰਤ ਦਾ ਵੱਡਾ ਕਹਿਰ ਦੇਖਣ ਨੂੰ ਮਿਲਿਆ ਹੈ। ਬੁੱਧਵਾਰ ਸ਼ਾਮ (ਭਾਰਤੀ ਸਮੇਂ ਅਨੁਸਾਰ ਵੀਰਵਾਰ ਸਵੇਰ) ਦੇਸ਼ ਵਿੱਚ ਇੱਕ ਤੋਂ ਬਾਅਦ ਇੱਕ ਦੋ ਬਹੁਤ ਹੀ ਸ਼ਕਤੀਸ਼ਾਲੀ ਭੂਚਾਲ ਆਏ, ਜਿਸ ਨਾਲ ਪੂਰਾ ਦੇਸ਼ ਹਿੱਲ ਗਿਆ। ਭੂਚਾਲ ਦੇ ਝਟਕੇ ਇੰਨੇ ਜ਼ਬਰਦਸਤ ਸਨ ਕਿ ਰਾਜਧਾਨੀ ਕਰਾਕਸ ਸਮੇਤ ਕਈ ਵੱਡੇ ਸ਼ਹਿਰਾਂ ਵਿੱਚ ਭਾਰੀ ਤਬਾਹੀ ਹੋਈ ਹੈ। ਹਾਲਾਤ ਨੂੰ ਬੇਕਾਬੂ ਹੁੰਦੇ ਦੇਖ ਕਾਰਜਵਾਹਕ ਰਾਸ਼ਟਰਪਤੀ ਡੇਲਸੀ ਰੋਡ੍ਰਿਗਜ਼ ਨੇ ਦੇਸ਼ ਵਿੱਚ ‘ਰਾਸ਼ਟਰੀ ਐਮਰਜੈਂਸੀ’ ਦਾ ਐਲਾਨ ਕਰ ਦਿੱਤਾ ਹੈ।
ਕੁਝ ਹੀ ਸੈਕੰਡਾਂ ਵਿੱਚ ਆਏ ਦੋ ਵੱਡੇ ਝਟਕੇ
ਅਮਰੀਕੀ ਜੀਓਲੋਜੀਕਲ ਸਰਵੇ (USGS) ਮੁਤਾਬਕ ਪਹਿਲਾ ਭੂਚਾਲ 7.2 ਤੀਬਰਤਾ ਦਾ ਸੀ ਅਤੇ ਉਸਦੇ ਕੁਝ ਹੀ ਸੈਕੰਡਾਂ ਬਾਅਦ 7.5 ਤੀਬਰਤਾ ਦਾ ਦੂਜਾ ਵੱਡਾ ਝਟਕਾ ਲੱਗਿਆ। ਇਹਨਾਂ ਦੋਵਾਂ ਭੂਚਾਲਾਂ ਦਾ ਕੇਂਦਰ ਰਾਜਧਾਨੀ ਕਰਾਕਸ ਤੋਂ ਕਰੀਬ 290 ਕਿਲੋਮੀਟਰ ਪੱਛਮ ਵੱਲ ਸੀ।
ਹਜ਼ਾਰਾਂ ਮੌਤਾਂ ਦਾ ਖਦਸ਼ਾ, ਏਅਰਪੋਰਟ ਦੀ ਛੱਤ ਡਿੱਗੀ
ਸਥਾਨਕ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ, ਕਰਾਕਸ ਇੰਟਰਨੈਸ਼ਨਲ ਏਅਰਪੋਰਟ ਦੀ ਛੱਤ ਦਾ ਇੱਕ ਹਿੱਸਾ ਭੂਚਾਲ ਕਾਰਨ ਹੇਠਾਂ ਡਿੱਗ ਗਿਆ, ਜਿਸ ਤੋਂ ਬਾਅਦ ਉੱਥੇ ਹਫੜਾ-ਦਫੜੀ ਮਚ ਗਈ।
ਹਾਲਾਂਕਿ ਵੇਨੇਜ਼ੁਏਲਾ ਸਰਕਾਰ ਨੇ ਅਜੇ ਤੱਕ ਮੌਤਾਂ ਦਾ ਕੋਈ ਅਧਿਕਾਰਤ ਅੰਕੜਾ ਜਾਰੀ ਨਹੀਂ ਕੀਤਾ ਹੈ, ਪਰ ਵਿਗਿਆਨੀਆਂ (USGS) ਨੇ ਬਹੁਤ ਹੀ ਚਿੰਤਾਜਨਕ ਦਾਅਵਾ ਕੀਤਾ ਹੈ। ਉਹਨਾਂ ਮੁਤਾਬਕ ਇਸ ਭੂਚਾਲ ਵਿੱਚ 10,000 ਤੋਂ ਵੱਧ ਲੋਕਾਂ ਦੀ ਮੌਤ ਹੋਣ ਦੀ 44% ਆਸ਼ੰਕਾ ਹੈ। ਜਦਕਿ 1,000,000 (ਇੱਕ ਲੱਖ) ਤੋਂ ਵੱਧ ਲੋਕਾਂ ਦੀ ਜਾਨ ਜਾਣ ਦੀ 30% ਆਸ਼ੰਕਾ ਜਤਾਈ ਗਈ ਹੈ।
126 ਸਾਲਾਂ ਦਾ ਰਿਕਾਰਡ ਟੁੱਟਿਆ
ਇਹ ਵੇਨੇਜ਼ੁਏਲਾ ਦੇ ਇਤਿਹਾਸ ਵਿੱਚ ਪਿਛਲੇ 126 ਸਾਲਾਂ ਦਾ ਸਭ ਤੋਂ ਵੱਡਾ ਭੂਚਾਲ ਮੰਨਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਸਾਲ 1900 ਵਿੱਚ ਦੇਸ਼ ਵਿੱਚ 7.7 ਤੀਬਰਤਾ ਦਾ ਭੂਚਾਲ ਦਰਜ ਕੀਤਾ ਗਿਆ ਸੀ। ਫਿਲਹਾਲ ਪ੍ਰਸ਼ਾਸਨ ਵੱਲੋਂ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ।