ਚੰਡੀਗੜ੍ਹ ਦੇ ਰਾਹੀਂ ਮਾਨਸੂਨ ਨੇ ਪੰਜਾਬ ਵਿੱਚ ਦਸਤਕ ਦੇ ਦਿੱਤੀ ਹੈ। ਮੌਸਮ ਵਿਭਾਗ ਅਨੁਸਾਰ, ਇੱਕ ਦਿਨ ਦੀ ਦੇਰੀ ਨਾਲ 1 ਜੁਲਾਈ ਨੂੰ ਮਾਨਸੂਨ ਪੰਜਾਬ ਪਹੁੰਚਿਆ। ਇਹ ਅੰਬਾਲਾ ਅਤੇ ਪੰਚਕੂਲਾ ਤੋਂ ਹੁੰਦਾ ਹੋਇਆ ਚੰਡੀਗੜ੍ਹ ਆਇਆ ਅਤੇ ਫਿਰ ਰੂਪਨਗਰ (ਰੋਪੜ), ਹੁਸ਼ਿਆਰਪੁਰ ਅਤੇ ਪਠਾਨਕੋਟ ਵੱਲ ਵਧ ਗਿਆ।
ਮਾਨਸੂਨ ਦੀ ਐਂਟਰੀ ਨਾਲ ਹੀ ਚੰਡੀਗੜ੍ਹ, ਮੋਹਾਲੀ, ਗੁਰਦਾਸਪੁਰ ਅਤੇ ਪਠਾਨਕੋਟ ਵਿੱਚ ਜ਼ੋਰਦਾਰ ਮੀਂਹ ਪਿਆ। ਪਠਾਨਕੋਟ ਵਿੱਚ ਕਰੀਬ 5 ਘੰਟੇ ਲਗਾਤਾਰ ਮੀਂਹ ਪੈਣ ਕਾਰਨ ਕਈ ਸੜਕਾਂ ‘ਤੇ 3 ਤੋਂ 4 ਫੁੱਟ ਤੱਕ ਪਾਣੀ ਭਰ ਗਿਆ।ਮੌਸਮ ਵਿਭਾਗ ਨੇ 2 ਜੁਲਾਈ ਤੋਂ 5 ਜੁਲਾਈ ਤੱਕ ਪੰਜਾਬ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਸੂਬੇ ਦੇ ਕਈ ਹਿੱਸਿਆਂ ਵਿੱਚ ਗਰਜ-ਚਮਕ, ਤੇਜ਼ ਹਵਾਵਾਂ (40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ) ਅਤੇ ਮੀਂਹ ਪੈਣ ਦੀ ਸੰਭਾਵਨਾ ਹੈ। 2 ਜੁਲਾਈ ਤੋਂ ਮੀਂਹ ਦੀਆਂ ਗਤੀਵਿਧੀਆਂ ਹੋਰ ਤੇਜ਼ ਹੋਣਗੀਆਂ ਅਤੇ 4 ਜੁਲਾਈ ਤੱਕ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਪੈ ਸਕਦਾ ਹੈ।
ਮੀਂਹ ਕਾਰਨ ਪੰਜਾਬ ਦੇ ਤਾਪਮਾਨ ਵਿੱਚ ਕਰੀਬ 5 ਡਿਗਰੀ ਤੱਕ ਗਿਰਾਵਟ ਆਉਣ ਦੀ ਉਮੀਦ ਹੈ, ਜਿਸ ਨਾਲ ਲੋਕਾਂ ਨੂੰ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਗਰਮੀ ਅਤੇ ਉਮਸ ਤੋਂ ਰਾਹਤ ਮਿਲ ਸਕਦੀ ਹੈ। ਮੰਗਲਵਾਰ ਨੂੰ ਸੂਬੇ ਦੇ ਕੁਝ ਹਿੱਸਿਆਂ ਵਿੱਚ ਹਲਕੀ ਬਾਰਿਸ਼ ਹੋਈ, ਜਿਸ ਕਾਰਨ ਤਾਪਮਾਨ ਵਿੱਚ 1.6 ਡਿਗਰੀ ਦੀ ਕਮੀ ਦਰਜ ਕੀਤੀ ਗਈ। ਫਰੀਦਕੋਟ ਵਿੱਚ ਸਭ ਤੋਂ ਵੱਧ ਤਾਪਮਾਨ 43.8 ਡਿਗਰੀ ਸੈਲਸੀਅਸ ਰਿਹਾ।